ਗੁਰਬੱਤ ਚੋਂ ਨਿਕਲ ਵਿਸ਼ਵ 'ਚ ਚਮਕੀ ਕਬੱਡੀ ਖਿਡਾਰਨ
ਨਵੀਂ ਦਿੱਲੀ: ਕਵਿਤਾ ਠਾਕੁਰ ਭਾਰਤੀ ਮਹਿਲਾ ਕਬੱਡੀ ਟੀਮ ਦੀ ਖਿਡਾਰਨ ਹੈ ਜੋ ਮਨਾਲੀ ਤੋਂ 6 ਕਿਲੋਮੀਟਰ ਦੂਰ ਇਕ ਪਿੰਡ ਜਗਤਸੁਖ ਦੇ ਇਕ ਢਾਬੇ 'ਚ ਰਹਿੰਦੀ ਸੀ। 24 ਸਾਲਾ ਇਸ ਖਿਡਾਰਨ ਨੇ ਸਾਲ 2014 'ਚ ਏਸ਼ੀਅਨ ਖੇਡਾਂ 'ਚ ਭਾਰਤ ਲਈ ਸੋਨ ਤਮਗਾ ਜਿੱਤਿਆ ਸੀ।
ਕਵਿਤਾ ਨੇ ਜ਼ਬਰਦਸਤ ਵਾਪਸੀ ਕਰਦਿਆਂ 2014 'ਚ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ 'ਚ ਭਾਰਤ ਨੂੰ ਗੋਲਡ ਮੈਡਲ ਦਿਵਾਇਆ। ਕਵਿਤਾ 9 ਖਿਡਾਰੀਆਂ ਵਾਲੀ ਕਬੱਡੀ ਟੀਮ ਦੀ ਡਿਫੈਂਡਰ ਹੈ। ਕਵਿਤਾ ਦੱਸਦੀ ਹੈ ਕਿ ਉਹ ਆਲ ਰਾਊਂਡਰ ਸੀ ਤੇ ਉਸਦੇ ਕੋਚ ਨੇ ਉਸਦੀ ਖੇਡ ਪਛਾਣੀ ਤੇ ਅੱਜ ਉਹ ਫੁੱਲ ਟਾਇਮ ਡਿਫੈਂਡਰ ਹੈ।
ਉਸਦੇ ਦੱਸਣ ਮੁਤਾਬਕ ਠੰਡ ਦੇ ਦਿਨਾਂ 'ਚ ਉਹ ਦੁਕਾਨ ਪਿੱਛੇ ਸੌਂਦੇ ਸੀ ਜਿੱਥੇ ਸਾਉਣਾ ਕਾਫੀ ਮੁਸ਼ਕਿਲ ਸੀ ਕਿਉਂਕਿ ਜਿਸ ਜਗ੍ਹਾ ਉਹ ਸੌਂਦੇ ਸਨ ਉਹ ਬਰਫ ਦੀ ਤਰ੍ਹਾਂ ਠੰਡੀ ਹੁੰਦੀ ਸੀ। ਇਥੋਂ ਤੱਕ ਕਿ ਉਨ੍ਹਾਂ ਕੋਲ ਬਿਸਤਰਾ ਖਰੀਦਣ ਲਈ ਵੀ ਪੈਸੇ ਨਹੀਂ ਸਨ ਹੁੰਦੇ ਕਈ ਵਾਰ ਪੈਸੇ ਨਾ ਹੋਣ ਕਾਰਨ ਭੁੱਖੇ ਵੀ ਸੌਣਾ ਪੈਂਦਾ ਸੀ।
ਸਾਲ 2011 'ਚ ਕਵਿਤਾ ਨੂੰ 6 ਮਹੀਨੇ ਖੇਡ ਤੋਂ ਬਾਹਰ ਰਹਿਣਾ ਪਿਆ ਕਿਉਂਕਿ ਉਨ੍ਹਾਂ ਨੂੰ ਪਾਚਨ ਸਬੰਧੀ ਕੋਈ ਦਿੱਕਤ ਆਉਣ ਕਾਰਨ ਸਿਹਤ ਖਰਾਬ ਹੋ ਗਈ ਸੀ। ਇਸ ਬਿਮਾਰੀ ਕਾਰਨ ਕਵਿਤਾ ਨੂੰ ਕਈ ਦਿਨ ਹਸਪਤਾਲ 'ਚ ਰਹਿਣਾ ਪਿਆ ਸੀ। ਉਸ ਸਮੇਂ ਲੱਗ ਰਿਹਾ ਸੀ ਕਿ ਕਵਿਤਾ ਸ਼ਾਇਦ ਹੁਣ ਭਾਰਤੀ ਟੀਮ ਲਈ ਮੁੜ ਨਾ ਖੇਡ ਸਕੇ।
ਕਵਿਤਾ ਦੱਸਦੀ ਹੈ ਕਿ ਉਸਦੀ ਜ਼ਿੰਦਗੀ ਦਾ ਸਭ ਤੋਂ ਸੁਨਹਿਰਾ ਪਲ ਉਹ ਸੀ ਜਦੋਂ ਉਸਨੇ ਆਪਣੇ ਮਾਤਾ-ਪਿਤਾ ਨੂੰ ਘਰ ਲੈਕੇ ਦਿੱਤਾ ਸੀ। ਸਾਲ 2007 'ਚ ਕਵਿਤਾ ਨੇ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ। ਦੋ ਸਾਲ ਦੀ ਮੀਹਨਤ ਤੋਂ ਬਾਅਦ ਸਾਲ 2009 'ਚ ਕਵਿਤਾ ਨੇ ਸਪੋਰਟਸ ਅਥਾਰਿਟੀ ਆਫ ਇੰਡੀਆ ਜੁਆਇਨ ਕੀਤਾ। ਉਸਨੇ ਦੱਸਿਆ ਕਿ ਇਸ ਸਮੇਂ ਮੈਂ ਆਪਣੀ ਖੇਡ 'ਚ ਕਾਫੀ ਨਿਖਾਰ ਲਿਆਂਦਾ ਤੇ ਨੈਸ਼ਨਲ ਟੀਮ 'ਚ ਸਿਲੈਕਟ ਹੋਣ 'ਚ ਕਾਮਯਾਬ ਰਹੀ।
ਕਬੱਡੀ ਇਸ ਲਈ ਚੁਣੀ ਕਿਉਂਕਿ ਇਹ ਮਹਿੰਗੀ ਖੇਡ ਨਹੀਂ ਹੈ। ਕਵਿਤਾ ਸੁਰਖੀਆਂ 'ਚ ਉਦੋਂ ਆਈ ਜਦੋਂ ਸਾਲ 2014 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਸਰਕਾਰ ਨੇ ਕਵਿਤਾ ਦੀ ਆਰਥਿਕ ਮਦਦ ਕੀਤੀ ਸੀ। ਉਸਦੇ ਪਰਿਵਾਰ 'ਚ ਮਾਤਾ-ਪਿਤਾ, ਵੱਡੀ ਭੈਣ ਤੇ ਇਕ ਛੋਟਾ ਭਾਈ ਹੈ। ਸਾਰਾ ਪਰਿਵਾਰ ਹੁਣ ਮਨਾਲੀ ਸ਼ਹਿਰ 'ਚ ਰਹਿੰਦਾ ਹੈ।
ਕਵਿਤਾ ਦਾ ਬਚਪਨ ਭਾਂਡੇ ਮਾਂਜਣ ਤੇ ਝਾੜੂ ਲਾਉਣ 'ਚ ਬੀਤਿਆ। ਦਰਅਸਲ ਕਵਿਤਾ ਦੇ ਮਾਤਾ-ਪਿਤਾ ਇਕ ਢਾਬੇ 'ਤੇ ਚਾਹ ਵੇਚ ਕੇ ਗੁਜ਼ਾਰਾ ਕਰਦੇ ਸਨ। ਕਵਿਤਾ ਦੱਸਦੀ ਹੈ ਕਿ ਉਸਨੇ ਆਪਣੇ ਬਚਪਨ 'ਚ ਬਹੁਤ ਸੰਘਰਸ਼ ਕੀਤਾ ਹੈ। ਉਸਦਾ ਬਚਪਨ ਆਮ ਬੱਚਿਆਂ ਵਾਂਗ ਨਹੀਂ ਬੀਤਿਆ।