ਮੁੰਬਈ - ਅਕਤੂਬਰ 'ਚ ਅਹਿਮਦਾਬਾਦ 'ਚ ਖੇਡੇ ਜਾਣ ਵਾਲੇ ਕਬੱਡੀ ਵਿਸ਼ਵ ਕਪ ਲਈ ਭਾਰਤੀ ਟੀਮ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ। ਹਰਿਆਣਾ ਦੇ ਸਟਾਰ ਰੇਡਰ ਅਨੂਪ ਕੁਮਾਰ ਨੂੰ ਵਿਸ਼ਵ ਕਪ 'ਚ ਭਾਰਤੀ ਟੀਮ ਦੀ ਕਮਾਨ ਸੌਂਪੀ ਗਈ ਹੈ। ਆਲ-ਰਾਉਂਡਰ ਮਨਜੀਤ ਛਿੱਲਰ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। 7 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੇ ਵਿਸ਼ਵ ਕਪ ਲਈ ਭਾਰਤ ਦੀ 14 ਖਿਡਾਰੀਆਂ ਦੀ ਟੀਮ ਦਾ ਐਲਾਨ ਕੀਤਾ ਗਿਆ ਹੈ।
ਟੂਰਨਾਮੈਂਟ 'ਚ ਕੁਲ 12 ਟੀਮਾਂ ਹਿੱਸਾ ਲੈਂਦੀਆਂ ਨਜਰ ਆਉਣਗੀਆਂ। ਭਾਰਤ ਤੋਂ ਅਲਾਵਾ ਇਰਾਨ, ਦਖਣੀ ਕੋਰੀਆ, ਬੰਗਲਾਦੇਸ਼, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਪੋਲੈਂਡ, ਥਾਈਲੈਂਡ, ਜਾਪਾਨ, ਅਰਜਨਟੀਨਾ ਅਤੇ ਕੀਨੀਆ ਦੀਆਂ ਟੀਮਾਂ ਵੀ ਵਿਸ਼ਵ ਕਪ 'ਚ ਦਾਵੇਦਾਰੀ ਪੇਸ਼ ਕਰਦਿਆਂ ਨਜਰ ਆਉਣਗੀਆਂ।
ਬਲਵਾਨ ਸਿੰਘ ਭਾਰਤੀ ਟੀਮ ਦੇ ਮੁਖ ਕੋਚ ਅਤੇ ਈ ਭਾਸਕਰਨ ਟੀਮ ਦੇ ਸਹਾਇਕ ਕੋਚ ਹਨ। ਬਲਵਾਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਹਿਮਦਾਬਾਦ 'ਚ ਅਭਿਆਸ ਕੈਂਪ 'ਚ ਖਿਡਾਰੀਆਂ ਨੇ ਮਹਿਨਤ 'ਚ ਕੋਈ ਕਸਰ ਨਹੀਂ ਛੱਡੀ ਅਤੇ ਇਸੇ ਕਾਰਨ ਓਹ ਟੀਮ 'ਚ ਸਹੀ ਖਿਡਾਰੀਆਂ ਦੀ ਚੋਣ ਕਰਨ 'ਚ ਕਾਮਯਾਬ ਰਹੇ। ਇਸ ਮੌਕੇ ਦਿੱਗਜ ਕ੍ਰਿਕਟ ਖਿਡਾਰੀ ਕਪਿਲ ਦੇਵ ਵੀ ਮੌਜੂਦ ਸਨ। ਕਪਿਲ ਦੇਵ ਨੇ ਹੀ ਭਾਰਤੀ ਕਬੱਡੀ ਟੀਮ ਦੀ ਜਰਸੀ ਜਾਰੀ ਕੀਤੀ।
ਖਾਸ ਗੱਲ ਇਹ ਹੈ ਕਿ ਚੁਣੀ ਗਈ ਟੀਮ 'ਚ ਹਰਿਆਣਾ ਦੇ 7 ਖਿਡਾਰੀ ਸ਼ਾਮਿਲ ਹਨ ਜਦਕਿ ਪੰਜਾਬ ਦੇ ਸਿਰਫ 2 ਖਿਡਾਰੀ ਹੀ ਜਗ੍ਹਾ ਬਣਾ ਸਕੇ ਹਨ। ਕਬੱਡੀ ਵਿਸ਼ਵ ਕਪ ਲਈ ਚੁਣੀ ਗਈ ਟੀਮ 'ਚ ਜਗ੍ਹਾ ਬਣਾਉਣ ਵਾਲੇ ਖਿਡਾਰੀ ਹਨ - ਅਨੂਪ ਕੁਮਾਰ (ਕਪਤਾਨ, ਹਰਿਆਣਾ), ਅਜੈ ਠਾਕੁਰ (ਹਿਮਾਚਲ ਪ੍ਰਦੇਸ਼), ਦੀਪਕ ਹੁੱਡਾ (ਹਰਿਆਣਾ), ਧਰਮਰਾਜ ਚੇਰਾਲਥਨ (ਤਾਮਿਲਨਾਡੂ), ਜਸਵੀਰ ਸਿੰਘ (ਹਰਿਆਣਾ), ਕਿਰਨ ਪਰਮਾਰ (ਗੁਜਰਾਤ), ਮਨਜੀਤ ਛਿੱਲਰ (ਉਪ-ਕਪਤਾਨ, ਪੰਜਾਬ), ਮੋਹਿਤ ਛਿੱਲਰ (ਪੰਜਾਬ), ਨਿਤਿਨ ਤੋਮਰ (ਉੱਤਰ ਪ੍ਰਦੇਸ਼), ਪਰਦੀਪ ਨਾਰਵਾਲ (ਹਰਿਆਣਾ), ਰਾਹੁਲ ਚੌਧਰੀ (ਉੱਤਰ ਪ੍ਰਦੇਸ਼), ਸੰਦੀਪ ਨਰਵਾਲ (ਹਰਿਆਣਾ), ਸੁਰੇਂਦਰ ਨਾਡਾ (ਹਰਿਆਣਾ) ਅਤੇ ਸੁਰਜੀਤ (ਹਰਿਆਣਾ).