ਹੈਦਰਾਬਾਦ - ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚਾਲੇ ਖੇਡੇ ਜਾ ਰਹੇ ਰਣਜੀ ਟਰਾਫੀ ਮੁਕਾਬਲੇ 'ਚ ਪੰਜਾਬ ਦੀ ਟੀਮ ਜਿੱਤ ਦੇ ਨੇੜੇ ਪਹੁੰਚ ਗਈ ਹੈ। ਤੇਜ਼ ਗੇਂਦਬਾਜ਼ ਸਿਧਾਰਥ ਕੌਲ ਦੇ ਦਮਦਾਰ ਸਪੈਲ ਸਦਕਾ ਪੰਜਾਬ ਦੀ ਟੀਮ ਪਹਿਲੀ ਪਾਰੀ 'ਚ ਉੱਤਰ ਪ੍ਰਦੇਸ਼ ਨੂੰ ਲੀਡ ਦੇਣ ਦਾ ਬਾਵਜੂਦ ਜਿੱਤ ਦੀ ਮੁੱਖ ਦਾਵੇਦਾਰ ਬਣ ਗਈ ਹੈ।
27 ਰਨ ਦੇਕੇ 6 ਵਿਕਟ
ਪੰਜਾਬ ਦੇ ਤੇਜ਼ ਗੇਂਦਬਾਜ਼ ਸਿਧਾਰਥ ਕੌਲ ਨੇ ਕਰੀਅਰ ਬੈਸਟ ਸਪੈਲ ਕਰਵਾਉਂਦੇ ਹੋਏ 27 ਰਨ ਦੇਕੇ 6 ਵਿਕਟ ਝਟਕੇ। ਕੌਲ ਦੇ ਕਮਾਲ ਦੇ ਆਸਰੇ ਪੰਜਾਬ ਦੀ ਟੀਮ ਨੇ ਉੱਤਰ ਪ੍ਰਦੇਸ਼ ਦੀ ਟੀਮ ਨੂੰ ਦੂਜੀ ਪਾਰੀ 'ਚ 95 ਰਨ 'ਤੇ ਆਲ ਆਊਟ ਕਰ ਦਿੱਤਾ। ਉੱਤਰ ਪ੍ਰਦੇਸ਼ ਦੀ ਟੀਮ ਨੇ ਪਹਿਲੀ ਪਾਰੀ 'ਚ 335 ਰਨ ਬਣਾਏ ਸਨ। ਜਵਾਬ 'ਚ ਪੰਜਾਬ ਦੀ ਟੀਮ ਪਹਿਲੀ ਪਾਰੀ 'ਚ 319 ਰਨ 'ਤੇ ਆਲ ਆਊਟ ਹੋ ਗਈ ਸੀ। ਪੰਜਾਬ ਨੂੰ ਮੈਚ 'ਚ ਉੱਤਰ ਪ੍ਰਦੇਸ਼ ਤੋਂ ਵਧ ਅੰਕ ਹਾਸਿਲ ਕਰਨ ਲਈ ਜਿੱਤ ਦਰਜ ਕਰਨੀ ਜਰੂਰੀ ਸੀ ਅਤੇ ਪੰਜਾਬ ਨੂੰ ਜਿੱਤ ਦੀ ਆਸ ਜਗਾਉਣ ਲਈ ਸਿਧਾਰਥ ਕੌਲ ਨੇ ਖਾਸ ਯੋਗਦਾਨ ਪਾਇਆ। ਸਿਧਾਰਥ ਕੌਲ ਨੇ 12 ਓਵਰਾਂ 'ਚ 27 ਰਨ ਦੇਕੇ 6 ਵਿਕਟ ਝਟਕੇ।
ਪੰਜਾਬ - 61/2
112 ਰਨ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਦੀ ਟੀਮ ਨੇ ਤੀਜੇ ਦਿਨ ਦਾ ਖੇਡ ਖਤਮ ਹੋਣ ਤਕ 2 ਵਿਕਟ ਗਵਾ ਕੇ 61 ਰਨ ਬਣਾ ਲਏ ਸਨ। ਮਨਨ ਵੋਹਰਾ 34 ਰਨ ਬਣਾ ਕੇ ਆਊਟ ਹੋਏ ਜਦਕਿ ਜੀਵਨਜੋਤ ਸਿੰਘ 27 ਰਨ ਬਣਾ ਕੇ ਮੈਦਾਨ 'ਤੇ ਟਿਕੇ ਹੋਏ ਸਨ।