ਹੈਦਰਾਬਾਦ - ਪੰਜਾਬ ਅਤੇ ਉੱਤਰ ਪ੍ਰਦੇਸ਼ ਦੀਆਂ ਟੀਮਾਂ ਵਿਚਾਲੇ ਹੈਦਰਾਬਾਦ ਦੇ ਮੈਦਾਨ 'ਤੇ ਖੇਡੇ ਜਾ ਰਹੇ ਮੈਚ 'ਚ ਪੰਜਾਬ ਦੀ ਟੀਮ ਨੇ ਬੇਹਦ ਮਜਬੂਤ ਸਥਿਤੀ 'ਚ ਪਹੁੰਚ ਕੇ ਲੀਡ ਲੈਣ ਦਾ ਮੌਕਾ ਗਵਾ ਦਿੱਤਾ। ਪੰਜਾਬ ਦੀ ਟੀਮ ਨੂੰ ਕਪਤਾਨ ਯੁਵਰਾਜ ਸਿੰਘ ਦੀ ਧਮਾਕੇਦਾਰ ਪਾਰੀ ਸਦਕਾ ਚੰਗੀ ਲੀਡ ਹਾਸਿਲ ਹੋ ਸਕਦੀ ਸੀ। ਪਰ ਮਿਡਲ ਆਰਡਰ ਅਤੇ ਟੇਲ ਐਂਡਰਸ ਦੇ ਖਰਾਬ ਪ੍ਰਦਰਸ਼ਨ ਕਾਰਨ ਪੰਜਾਬ ਦੀ ਟੀਮ ਲੀਡ ਹਾਸਿਲ ਕਰਨ 'ਚ ਨਾਕਾਮ ਰਹੀ। 

  

 

ਯੁਵਰਾਜ ਸਿੰਘ ਦਾ ਧਮਾਕਾ 

 


ਯੁਵਰਾਜ ਸਿੰਘ ਨੇ ਇਸ ਰਣਜੀ ਸੀਜ਼ਨ 'ਚ ਆਪਣਾ ਦਮਦਾਰ ਫਾਰਮ ਜਾਰੀ ਰਖਦਿਆਂ ਹੈਦਰਾਬਾਦ ਦੇ ਮੈਦਾਨ 'ਤੇ ਵੀ ਧਮਾਕੇਦਾਰ ਪਾਰੀ ਖੇਡੀ। ਯੁਵਰਾਜ ਸਿੰਘ ਨੇ ਉੱਤਰ ਪ੍ਰਦੇਸ਼ ਖਿਲਾਫ ਮੈਚ 'ਚ ਦਮਦਾਰ 85 ਰਨ ਬਣਾ ਕੇ ਰਣਜੀ ਸੀਜ਼ਨ ਦੇ ਆਪਣੇ ਲਾਜਵਾਬ ਪ੍ਰਦਰਸ਼ਨ ਨੂੰ ਅੱਗੇ ਵਧਾਉਂਦਿਆਂ ਲੀਡਿੰਗ ਸਕੋਰਰ ਦੇ ਤੌਰ 'ਤੇ ਆਪਣੀ ਜਗ੍ਹਾ ਹੋਰ ਮਜਬੂਤ ਕਰ ਲਈ। ਹੁਣ ਯੁਵਰਾਜ ਸਿੰਘ ਦੇ ਖਾਤੇ 'ਚ ਕੁਲ 672 ਰਨ ਹਨ। ਯੁਵੀ ਨੇ ਹੈਦਰਾਬਾਦ ਖਿਲਾਫ ਖੇਡੀ 85 ਰਨ ਦੀ ਪਾਰੀ ਦੌਰਾਨ 130 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਇਸ ਪਾਰੀ 'ਚ 10 ਚੌਕੇ ਅਤੇ 1 ਛੱਕਾ ਸ਼ਾਮਿਲ ਸੀ। 


  

 

262/3 ਤੋਂ 319 ਆਲ ਆਊਟ 

 

ਪੰਜਾਬ ਦੀ ਟੀਮ ਨੇ ਇੱਕ ਸਮੇਂ 3 ਵਿਕਟਾਂ ਦੇ ਨੁਕਸਾਨ 'ਤੇ 262 ਰਨ ਬਣਾ ਲਏ ਸਨ। ਪਰ ਫਿਰ ਯੁਵਰਾਜ ਸਿੰਘ ਦੇ ਆਊਟ ਹੋਣ ਤੋਂ ਬਾਅਦ ਪੰਜਾਬ ਦੀ ਟੀਮ ਨੂੰ ਇੱਕ ਤੋਂ ਬਾਅਦ ਇੱਕ ਝਟਕੇ ਲੱਗਣੇ ਸ਼ੁਰੂ ਹੋਏ ਅਤੇ ਟੀਮ 319 ਰਨ 'ਤੇ ਆਲ ਆਊਟ ਹੋ ਗਈ। ਮਨਦੀਪ ਸਿੰਘ ਨੇ 63 ਰਨ ਦੀ ਪਾਰੀ ਖੇਡ ਪੰਜਾਬ ਨੂੰ 300 ਰਨ ਦਾ ਅੰਕੜਾ ਤਾਂ [ਪਾਰ ਕਰਵਾਇਆ ਪਰ ਪੰਜਾਬ ਦੀ ਟੀਮ ਉੱਤਰ ਪ੍ਰਦੇਸ਼ ਦਾ ਪਹਿਲੀ ਪਾਰੀ ਦਾ 335 ਰਨ ਦਾ ਸਕੋਰ ਪਾਰ ਕਰਨ 'ਚ ਨਾਕਾਮ ਰਹੀ। ਜੇਕਰ ਪੰਜਾਬ ਦੀ ਟੀਮ ਹੁਣ ਇਸ ਮੈਚ 'ਚ ਉੱਤਰ ਪ੍ਰਦੇਸ਼ ਤੋਂ ਵਧ ਅੰਕ ਹਾਸਿਲ ਕਰਨਾ ਚਾਹੁੰਦੀ ਹੈ ਤਾਂ ਪੰਜਾਬ ਦੀ ਟੀਮ ਲਈ ਮੈਚ ਜਿੱਤਣਾ ਜਰੂਰੀ ਹੈ।