ਮੁਹਾਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਸੀਜ਼ਨ ਵਿੱਚ ਆਪਣੇ ਆਖ਼ਰੀ ਮੁਕਾਬਲੇ ਦੌਰਾਨ ਕਿੰਗਜ਼ ਇਲੈਵਨ ਪੰਜਾਬ ਨੇ ਚੇਨੰਈ ਸੁਪਰ ਕਿੰਗਜ਼ ਨੂੰ ਛੇ ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਹੀ। ਇਸ ਟੂਰਨਾਮੈਂਟ ਵਿੱਚ ਇਹ ਪੰਜਾਬ ਦਾ ਆਖ਼ਰੀ ਮੈਚ ਸੀ, ਇਸ ਮਗਰੋਂ ਉਹ ਪਲੇਅਆਫ ਵਿੱਚੋਂ ਬਾਹਰ ਹੋ ਗਈ ਹੈ।


2019 ਆਈਪੀਐਲ ਦੇ ਪਲੇਅਆਫ ਵਿੱਚ ਚਾਰ ਟੀਮਾਂ ਹੋਣਗੀਆਂ ਜਿਨ੍ਹਾਂ ਵਿੱਚ ਚੇਨੰਈ ਸੁਪਰ ਕਿੰਗਜ਼, ਸਨਰਾਈਜ਼ਰਜ਼ ਹੈਦਰਾਬਾਦ ਤੇ ਦਿੱਲੀ ਕੈਪੀਟਲ ਪਹਿਲਾਂ ਹੀ ਪਹੁੰਚ ਗਈਆਂ ਹਨ। ਪਲੇਅ ਆਫ ਵਿੱਚ ਚੌਥੀ ਟੀਮ ਦਾ ਨਿਬੇੜਾ ਅੱਜ ਕੋਲਕਾਤਾ ਤੇ ਮੁੰਬਈ ਇੰਡੀਅਨਜ਼ ਦਰਮਿਆਨ ਅੱਜ ਦੇ ਮੈਚ ਤੋਂ ਬਾਅਦ ਹੋ ਜਾਵੇਗਾ।

ਅੱਜ ਦੇ ਮੈਚ ਵਿੱਚ ਮਹੇਂਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਚੇਨੰਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਲਈ 171 ਦੌੜਾਂ ਦੀ ਚੁਨੌਤੀ ਪੇਸ਼ ਕੀਤੀ। ਜਵਾਬ ਵਿੱਚ ਪੰਜਾਬ ਨੇ 18 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ ਪੰਜਾਬ ਨੇ 173 ਦੌੜਾਂ ਬਣਾ ਲਈਆਂ। ਪੰਜਾਬ ਲਈ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਨੇ 71 ਦੌੜਾਂ ਬਣਾਈਆਂ, ਇਸ ਦੌਰਾਨ ਉਨ੍ਹਾਂ ਸੱਤ ਚੌਕੇ ਤੇ ਪੰਜ ਛੱਕੇ ਜੜੇ।


ਇਸ ਤੋਂ ਇਲਾਵਾ ਨਿਕੋਲਸ ਪੂਰਨ ਨੇ 36 ਤੇ ਕ੍ਰਿਸ ਗੇਲ ਨੇ 28 ਦੌੜਾਂ ਦਾ ਯੋਗਦਾਨ ਪਾਇਆ। ਮਿਅੰਕ ਅਗਰਵਾਲ ਨੇ ਸੱਤ ਦੌੜਾਂ ਦੀ ਹਿੱਸੇਦਾਰੀ ਪਾਈ। ਟੀਮ ਨੂੰ ਜਿੱਤ ਦੀਆਂ ਬਰੂਹਾਂ ਤਕ ਲਿਜਾਣ ਵਾਲੇ ਮਨਦੀਪ ਸਿੰਘ 11 ਦੌੜਾਂ ਤੇ ਸੈਮ ਕੁਰੈਨ ਅੱਠ ਦੌੜਾਂ ਬਣਾ ਕੇ ਨਾਬਾਦ ਰਹੇ। ਮੈਨ ਆਫ਼ ਦ ਮੈਚ ਖ਼ਿਤਾਬ ਲੋਕੇਸ਼ ਰਾਹੁਲ ਦੇ ਨਾਂਅ ਰਿਹਾ।