ਨਵੀਂ ਦਿੱਲੀ: ਕੋਰੋਨਾ ਦੇ ਫੈਲਣ ਦੇ ਮੱਦੇਨਜ਼ਰ ਦੁਨੀਆ ਦੇ ਸਾਰੇ ਖਿਡਾਰੀ ਤੇ ਸਪੋਰਟਸ ਕਲੱਬ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਹੁਣ ਸਟਾਰ ਫੁਟਬਾਲਰ ਲਿਓਨਲ ਮੈਸੀ ਨੇ ਕੋਰੋਨਾ ਨਾਲ ਲੜਨ ਵਾਲਿਆਂ ਦੀ ਮਦਦ ਲਈ ਆਪਣੀ ਤਨਖਾਹ ਵਿੱਚੋਂ 377 ਕਰੋੜ ਰੁਪਏ ਦਾਨ ਕਰਨ ਦਾ ਐਲਾਨ ਕੀਤਾ ਹੈ। ਫੋਰਬਜ਼ ਦੀ ਰਿਪੋਰਟ ਮੁਤਾਬਕ ਇਹ ਮਦਦ ਇਸ ਵੇਲੇ ਕੁੱਲ ਅਦਾਇਗੀਆਂ ਵਜੋਂ ਗਿਣੀ ਜਾ ਰਹੀ ਹੈ।


ਉਧਰ, ਬਾਰਸੀਲੋਨਾ ਦੇ ਖਿਡਾਰੀ ਤਨਖਾਹ ‘ਚ 70 ਪ੍ਰਤੀਸ਼ਤ ਦੀ ਕਟੌਤੀ ਨਾਲ ਵਿੱਤੀ ਤੌਰ 'ਤੇ ਯੋਗਦਾਨ ਪਾਉਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਪੇਨ ਦੀ ਇਸ ਮੁਸ਼ਕਲ ਸਥਿਤੀ ‘ਚ ਕਲੱਬ ਦੇ ਹੋਰ ਕਰਮਚਾਰੀਆਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ। ਆਪਣੇ ਇੰਸਟਾਗ੍ਰਾਮ 'ਤੇ ਇੱਕ ਲੰਬੇ ਪੋਸਟ 'ਚ ਮੈਸੀ ਨੇ ਬਾਰਸੀਲੋਨਾ ਕਲੱਬ ਦੇ ਬੋਰਡ ਦੀ ਵੀ ਅਲੋਚਨਾ ਕੀਤੀ। ਦੇਸ਼ ਅਜੇ ਵੀ ਕੋਵਿਡ-19 ਮਹਾਮਾਰੀ ਦਾ ਸਾਹਮਣਾ ਕਰ ਰਿਹਾ ਹੈ। ਸਪੇਨ ਦੇ ਹੋਰ ਕਲੱਬਾਂ ਨੇ ਵੀ ਅਸਥਾਈ ਤੌਰ 'ਤੇ ਤਨਖਾਹ ਘਟਾ ਦਿੱਤੀ ਹੈ।



ਮੈਸੀ ਦਾ ਪੋਸਟ ਜਲਦੀ ਹੀ ਬਾਰਸੀਲੋਨਾ ਦੇ ਸਾਥੀ ਖਿਡਾਰੀਆਂ ਦੁਆਰਾ ਪ੍ਰਕਾਸ਼ਤ ਕੀਤਾ ਗਿਆ ਜਿਸ ਵਿੱਚ ਗਰਾਰਡ ਪਿਚੇ, ਸਰਜੀਓ ਬਾਸਕੇਟ, ਲੂਯਿਸ ਸੂਆਰੇਜ, ਜੋਰਡੀ ਐਲਬਾ, ਐਂਟੋਇਨ ਗ੍ਰੀਜ਼ਮੈਨ, ਫ੍ਰੈਂਕੀ ਡੀ ਜੋਂਗ, ਆਰਟੁਰੋ ਵਿਡਲ ਅਤੇ ਮਾਰਕ-ਐਂਡਰਿਆ ਟੇਰੇ ਸਟੀਗਨ ਸ਼ਾਮਲ ਹਨ। ਪਿਛਲੇ ਕੁਝ ਮਹੀਨਿਆਂ ਤੋਂ ਖਿਡਾਰੀਆਂ ਤੇ ਕਲੱਬ ਦੇ ਅਧਿਕਾਰੀਆਂ ਵਿਚਕਾਰ ਤਣਾਅ ਚੱਲ ਰਿਹਾ ਹੈ।

ਦੱਸ ਦੇਈਏ ਕਿ ਕੋਰੋਨਾ ਕਾਰਨ ਜਿੱਥੇ 7 ਲੱਖ ਤੋਂ ਵੱਧ ਲੋਕ ਪ੍ਰਭਾਵਤ ਹੋਏ ਹਨ, ਉੱਥੇ ਹੀ ਇਸ ਵਾਇਰਸ ਕਾਰਨ 35 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।