MI vs RCB, IPL 2021 Highlights: ਆਈਪੀਐਲ ਦੇ 14ਵੇਂ ਸੀਜ਼ਨ ਦਾ ਆਗ਼ਾਜ਼ ਹੋ ਚੁੱਕਿਆ ਹੈ ਅਤੇ ਬੀਤੀ ਰਾਤ ਟੂਰਨਾਮੈਂਟ ਦਾ ਪਹਿਲਾ ਮੈਚ ਸੀ, ਜੋ ਕਾਫੀ ਰੁਮਾਂਚਕ ਰਿਹਾ। ਇਸ ਮੈਚ ਵਿੱਚ ਰੌਇਲ ਚੈਲੰਜਰ ਬੈਂਗਲੌਰ ਨੇ ਮੁੰਬਈ ਇੰਡੀਅਨਜ਼ ਨੂੰ ਦੋ ਵਿਕਟਾਂ ਨਾਲ ਹਰਾ ਕੇ ਆਪਣੀ ਜੇਤੂ ਮੁਹਿੰਮ ਦਾ ਆਗ਼ਾਜ਼ ਕੀਤਾ। ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ 'ਤੇ 159 ਦੌੜਾਂ ਬਣਾਈਆਂ। ਆਰਸੀਬੀ ਨੇ ਮੈਚ ਦੀ ਆਖ਼ਰੀ ਗੇਂਦ ਤਕ ਟੀਚੇ ਦਾ ਪਿੱਛਾ ਕੀਤਾ ਤੇ ਜਿੱਤ ਆਪਣੇ ਨਾਂਅ ਕਰ ਲਈ।


ਆਰਸੀਬੀ ਦੀ ਜਿੱਤ ਤੇ ਹੀਰੋ ਰਹੇ ਏਬੀ ਡਿਵਿਲੀਅਰਜ਼ ਅਤੇ ਹਰਸ਼ਲ ਪਟੇਲ। ਡਿਵਿਲੀਅਰਜ਼ ਨੇ 27 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 48 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਅਤੇ ਮੈਚ ਦਾ ਰੁਖ਼ ਬਦਲ ਦਿੱਤਾ। ਉੱਥੇ ਹੀ ਹਰਸ਼ਲ ਪਟੇਲ ਨੇ ਗੇਂਦਬਾਜ਼ੀ ਵਿੱਚ ਕਮਾਲ ਦਿਖਾਉਂਦਿਆਂ 27 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ। ਆਈਪੀਐਲ ਵਿੱਚ ਪੰਜ ਵਿਕਟਾਂ ਲੈਣ ਵਾਲੇ ਪਟੇਲ ਦੂਜੇ ਅਨਕੈਪਡ ਖਿਡਾਰੀ ਹਨ।


 






 


ਪੰਜ ਵਾਰ ਦੀ ਆਈਪੀਐੱਲ ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਲਗਾਤਾਰ ਨੌਂਵੇਂ ਸੀਜ਼ਨ ਵਿੱਚ ਆਪਣੇ ਪਹਿਲੇ ਮੈਚ ਦੌਰਾਨ ਹਾਰੀ ਹੈ। ਦੂਜੇ ਪਾਸੇ ਆਰਸੀਬੀ ਨੇ ਸਾਲ 2017 ਤੇ 2019 ਵਿੱਚ ਵੀ ਟੂਰਨਾਮੈਂਟ ਦਾ ਪਹਿਲਾ ਮੈਚ ਖੇਡ ਚੁੱਕੀ ਹੈ, ਪਰ ਜਿੱਤੀ ਇਸ ਵਾਰ ਵਾਲੇ ਪਹਿਲੇ ਮੈਚ ਵਿੱਚ ਹੀ ਹੈ।


ਸ਼ੁੱਕਰਵਾਰ ਨੂੰ ਚੇਨੰਈ ਵਿੱਚ ਰੌਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਖ਼ਿਲਾਫ਼ ਖੇਡੇ ਗਏ ਪਹਿਲੇ ਮੁਕਾਬਲੇ ਵਿਚ ਚੰਗੀ ਸ਼ੁਰੂਆਤ ਦੇ ਬਾਵਜੂਦ ਮੁੰਡਈ ਇੰਡੀਅਨ ਵੱਡਾ ਸੋਕਰ ਨਹੀਂ ਬਣਾ ਸਕੀ। ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ ਨੌਂ ਵਿਕਟਾਂ 'ਤੇ 159 ਦੌੜਾਂ ਬਣਾਈਆਂ। ਉਸ ਵੱਲੋਂ ਕੋਈ ਵੀ ਬੱਲੇਬਾਜ਼ ਅਰਧ ਸੈਂਕੜਾ ਨਹੀਂ ਲਾ ਸਕਿਆ। ਸਲਾਮੀ ਬੱਲੇਬਾਜ਼ ਕ੍ਰਿਸ ਲਿਨ ਨੇ ਸਭ ਤੋਂ ਵੱਧ 49 ਦੌੜਾਂ ਬਣਾਈਆਂ। ਇਸ ਲਈ ਉਨ੍ਹਾਂ ਨੇ 35 ਗੇਂਦਾਂ ਖੇਡੀਆਂ ਤੇ ਚਾਰ ਚੌਕੇ ਤੇ ਤਿੰਨ ਛੱਕੇ ਲਾਏ। ਇਸ ਤੋਂ ਇਲਾਵਾ ਸੂਰਿਆ ਕੁਮਾਰ ਯਾਦਵ ਨੇ 31, ਇਸ਼ਾਨ ਕਿਸ਼ਨ ਨੇ 28 ਤੇ ਹਾਰਦਿਕ ਪਾਂਡਿਆ ਨੇ 13 ਦੌੜਾਂ ਦਾ ਯੋਗਦਾਨ ਦਿੱਤਾ।


 






 


ਰੌਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਵੱਲੋਂ ਹਰਸ਼ਲ ਪਟੇਲ ਨੇ ਬਿਹਤਰੀਨ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਚਾਰ ਓਵਰਾਂ ਵਿਚ 27 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ, ਜਿਨ੍ਹਾਂ ਵਿੱਚੋਂ ਤਿੰਨ ਵਿਕਟਾਂ ਆਖ਼ਰੀ ਓਵਰ ਵਿੱਚ ਹਾਸਲ ਕੀਤੀਆਂ। ਆਰਸੀਬੀ ਨੇ 20 ਓਵਰਾਂ 'ਚ ਅੱਠ ਵਿਕਟਾਂ ਦੇ ਨੁਕਸਾਨ 'ਤੇ ਟੀਚਾ ਹਾਸਲ ਕਰ ਲਿਆ। ਰੌਇਲ ਚੈਲੰਜਰਜ਼ ਬੈਂਗਲੁਰੂ ਵੱਲੋਂ ਵਿਰਾਟ ਕੋਹਲੀ ਨੇ 29 ਗੇਂਦਾਂ 'ਤੇ ਚਾਰ ਚੌਕਿਆਂ ਦੀ ਮਦਦ ਨਾਲ 33, ਗਲੇਨ ਮੈਕਸਵੈਲ ਨੇ 28 ਗੇਂਦਾਂ 'ਤੇ ਤਿੰਨ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 39 ਤੇ ਏਬੀ ਡਿਵੀਲੀਅਰਜ਼ ਨੇ ਸਿਰਫ਼ 27 ਗੇਂਦਾਂ 'ਤੇ ਚਾਰ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 48 ਦੌੜਾਂ ਬਣਾ ਕੇ ਜਿੱਤ ਵਿੱਚ ਅਹਿਮ ਯੋਗਦਾਨ ਦਿੱਤਾ।