ਅਹਿਮਦਾਬਾਦ: ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਮੋਟੇਰਾ ਦਾ ਉਦਘਾਟਨ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਕੀਤਾ ਗਿਆ। ਇਸ ਪ੍ਰੋਗਰਾਮ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਖੇਡ ਮੰਤਰੀ ਕਿਰਨ ਰਿਜਿਜੂ ਤੇ ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਵੀ ਮੌਜੂਦ ਸਨ। ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਇਸ ਸਟੇਡੀਅਮ ਦਾ ਨਾਂ 'ਨਰਿੰਦਰ ਮੋਦੀ ਸਟੇਡੀਅਮ' ਹੋਵੇਗਾ।


 





ਭਾਰਤ ਤੇ ਇੰਗਲੈਂਡ ਵਿਚਾਲੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਟੈਸਟ ਮੈਚ ਅੱਜ ਅਹਿਮਦਾਬਾਦ ਦੇ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ ਡੇਅ ਨਾਈਟ ਹੋਵੇਗਾ, ਜੋ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਇਸ ਸਟੇਡੀਅਮ ਦਾ ਉਦਘਾਟਨ ਕੀਤਾ ਹੈ। ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਬੀਸੀਸੀਆਈ ਦੇ ਕਈ ਅਧਿਕਾਰੀ ਵੀ ਮੌਜੂਦ ਹਨ।


 


ਮੋਟੇਰਾ ਸਟੇਡੀਟਮ ਦੀਆਂ ਵਿਸ਼ੇਸ਼ਤਾਵਾਂ



  • ਮੋਟੇਰਾ ਵਿਸ਼ਵ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ, ਜਿਸ ਵਿੱਚ ਬੈਠਣ ਦੀ ਸਮਰੱਥਾ 1 ਲੱਖ 10 ਹਜ਼ਾਰ ਦਰਸ਼ਕਾਂ ਦੀ ਹੈ।


  • ਇਹ ਸਟੇਡੀਅਮ 63 ਏਕੜ ਵਿੱਚ ਬਣਾਇਆ ਗਿਆ ਹੈ।


  • ਸਟੇਡੀਅਮ ਵਿਚ ਚਾਰ ਡਰੈਸਿੰਗ ਰੂਮ ਅਤੇ ਤਿੰਨ ਅਭਿਆਸ ਮੈਦਾਨ ਹਨ।


  • ਇਸ ਵਿੱਚ ਇਨਡੋਰ ਅਤੇ ਆਊਟਡੋਰ ਅਭਿਆਸ ਦੋਵਾਂ ਲਈ ਸਹੂਲਤਾਂ ਹਨ।


  • ਇੱਥੇ ਡਰੇਨੇਜ ਸਿਸਟਮ ਇੰਨਾ ਆਧੁਨਿਕ ਹੈ ਕਿ ਮੀਂਹ ਰੁਕਣ ਤੋਂ ਅੱਧੇ ਘੰਟੇ ਬਾਅਦ ਹੀ ਮੈਚ ਸ਼ੁਰੂ ਹੋ ਸਕਦਾ ਹੈ।


  • ਇਹ ਦੇਸ਼ ਦਾ ਪਹਿਲਾ ਸਟੇਡੀਅਮ ਹੈ, ਜਿਥੇ ਵਿਸ਼ੇਸ਼ ਐਲਈਡੀ ਲਾਈਟਾਂ ਵੀ ਲਗਾਈਆਂ ਗਈਆਂ ਹਨ।