ਨਵੀਂ ਦਿੱਲੀ - ਭਾਰਤੀ ਹਾਕੀ ਦੇ ਪ੍ਰਧਾਨ ਡਾ. ਨਰੇਂਦਰ ਬਤਰਾ ਹੁਣ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (FIH) ਦੇ ਪ੍ਰਧਾਨ ਬਣ ਗਏ ਹਨ। FIH ਦੇ ਪ੍ਰਧਾਨ ਬਣਨ ਵਾਲੇ ਬਤਰਾ ਪਹਿਲੇ ਭਾਰਤੀ ਬਣ ਗਏ ਹਨ। ਦੁਬਈ 'ਚ ਹੋਈ ਚੋਣ 'ਚ ਬਤਰਾ ਨੂੰ 68 ਵੋਟ ਹਾਸਿਲ ਹੋਏ। ਜਦਕਿ ਆਇਰਲੈਂਡ ਦੇ ਡੇਵਿਡ ਵਾਲਬਿਰਨੀ ਨੂੰ 29 ਅਤੇ ਆਸਟ੍ਰੇਲੀਆ ਦੇ ਕੇਨ ਰੀਡ ਨੂੰ 13 ਵੋਟ ਮਿਲੇ। ਨਰੇਂਦਰ ਬਤਰਾ ਫਿਲਹਾਲ ਹਾਕੀ ਇੰਡੀਆ ਦੇ ਪ੍ਰਧਾਨ ਹਨ ਪਰ ਹੁਣ FIH ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਹਾਕੀ ਇੰਡੀਆ ਦੀ ਪ੍ਰਧਾਨਗੀ ਛੱਡਣੀ ਪਵੇਗੀ। 


 

ਦੁਬਈ 'ਚ ਗੁਪਤ ਵੋਟਿੰਗ ਜਰੀਏ ਹੋਈ ਚੋਣ 'ਚ ਬਤਰਾ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਦੇ 12ਵੇਂ ਪ੍ਰਧਾਨ ਬਣ ਗਏ। ਬਤਰਾ ਨਾ ਸਿਰਫ ਪਹਿਲੇ ਭਾਰਤੀ ਹਨ ਜੋ FIH ਦੇ ਪ੍ਰਧਾਨ ਦੀ ਗੱਦੀ ਸੰਭਾਲਣਗੇ ਬਲਕਿ ਪਹਿਲੇ ਗੈਰ ਯੂਰੋਪੀਅਨ ਵੀ ਹਨ ਜੋ ਇਸ ਅਹੁਦੇ ਨੂੰ ਹਾਸਿਲ ਕਰਨ 'ਚ ਕਾਮਯਾਬ ਹੋਏ ਹਨ। ਸਾਬਕਾ ਪ੍ਰਧਾਨ ਲੀਐਂਡਰੋ ਨੇਗਰੇ ਨਾਲ ਬਤਰਾ ਦੇ ਚੰਗੇ ਸੰਬੰਧ ਸਨ। ਖਬਰਾਂ ਹਨ ਕਿ ਸਾਬਕਾ ਪ੍ਰਧਾਨ ਨੇ ਵੀ ਇਸ ਚੋਣ 'ਚ ਬਤਰਾ ਦੀ ਮਦਦ ਕੀਤੀ। 


 

ਨਰੇਂਦਰ ਬਤਰਾ ਪਹਿਲਾਂ ਰਾਸ਼ਟਰੀ ਪੱਦਰ ਤਕ ਜੰਮੂ ਦੀ ਹਾਕੀ ਟੀਮ ਦੀ ਨੁਮਾਇੰਦਗੀ ਕਰ ਚੁੱਕੇ ਹਨ। ਓਹ ਪਹਿਲਾਂ ਕੇ.ਪੀ.ਐਸ. ਗਿਲ ਦੀ ਪ੍ਰਧਾਨਗੀ ਵਾਲੀ IHF ਦੇ ਵੀ ਮੈਂਬਰ ਰਹਿ ਚੁੱਕੇ ਹਨ। ਸਾਲ 2009 'ਚ ਹਾਕੀ ਇੰਡੀਆ ਬਣਨ ਤੋਂ ਬਾਅਦ ਬਤਰਾ ਪਹਿਲਾਂ ਇਸ ਸੰਘ ਦੇ ਸਕੱਤਰ ਰਹੇ ਅਤੇ ਫਿਰ 2014 'ਚ ਓਹ ਪ੍ਰਧਾਨ ਬਣੇ। 


 

ਬਤਰਾ ਦੀ ਪ੍ਰਧਾਨਗੀ ਦੌਰਾਨ ਹਾਕੀ ਇੰਡੀਆ ਲੀਗ ਦੀ ਸ਼ੁਰੂਆਤ ਹੋਈ ਅਤੇ ਇਸ ਦੌਰਾਨ ਭਾਰਤ 'ਚ ਕਈ ਅੰਤਰਰਾਸ਼ਟਰੀ ਟੂਰਨਾਮੈਂਟਸ ਵੀ ਕਰਵਾਏ ਗਏ।