ਕੋਲਕਾਤਾ - ਨਿਊਜ਼ੀਲੈਂਡ ਦੀ ਟੀਮ ਨੂੰ ਕੋਲਕਾਤਾ ਟੈਸਟ ਜਿੱਤਣ ਲਈ 376 ਰਨ ਦਾ ਟੀਚਾ ਮਿਲਿਆ ਹੈ। ਟੀਮ ਇੰਡੀਆ ਦੂਜੀ ਪਾਰੀ 'ਚ 263 ਰਨ 'ਤੇ ਆਲ ਆਊਟ ਹੋ ਗਈ। ਸਾਹਾ ਅਤੇ ਰੋਹਿਤ ਸ਼ਰਮਾ ਦੇ ਅਰਧ-ਸੈਂਕੜੇਆਂ ਦੇ ਆਸਰੇ ਟੀਮ ਇੰਡੀਆ ਕੀਵੀ ਟੀਮ ਨੂੰ ਵੱਡੀ ਚੁਨੌਤੀ ਦੇਣ 'ਚ ਕਾਮਯਾਬ ਰਹੀ।
ਭਾਰਤ - 263 ਆਲ ਆਊਟ
ਭਾਰਤੀ ਟੀਮ ਨੇ ਦੂਜੀ ਪਾਰੀ 'ਚ ਰੋਹਿਤ ਸ਼ਰਮਾ ਅਤੇ ਰਿਧੀਮਾਨ ਸਾਹਾ ਦੇ ਦਮਦਾਰ ਪ੍ਰਦਰਸ਼ਨ ਸਦਕਾ 263 ਰਨ ਦਾ ਸਕੋਰ ਖੜਾ ਕੀਤਾ। ਟੀਮ ਇੰਡੀਆ ਨੇ ਦੂਜੀ ਪਾਰੀ 'ਚ ਬੇਹਦ ਖਰਾਬ ਸ਼ੁਰੂਆਤ ਕੀਤੀ। ਦੂਜੀ ਪਾਰੀ 'ਚ ਧਵਨ (17), ਮੁਰਲੀ ਵਿਜੈ (7), ਪੁਜਾਰਾ (4) ਅਤੇ ਰਹਾਣੇ (1) ਟੀਮ ਦੇ 43 ਰਨ ਦੇ ਸਕੋਰ 'ਤੇ ਹੀ ਪੈਵਲੀਅਨ ਪਰਤ ਚੁੱਕੇ ਸਨ। ਵਿਰਾਟ ਕੋਹਲੀ ਨੇ 45 ਰਨ ਦੀ ਪਾਰੀ ਖੇਡ ਟੀਮ ਇੰਡੀਆ ਨੂੰ ਸੰਭਾਲਿਆ। ਇਸਤੋਂ ਬਾਅਦ ਰੋਹਿਤ ਸ਼ਰਮਾ ਮੈਦਾਨ 'ਤੇ ਡਟ ਗਏ ਅਤੇ 82 ਰਨ ਦੀ ਪਾਰੀ ਖੇਡ ਟੀਮ ਨੂੰ 200 ਰਨ ਦਾ ਅੰਕੜਾ ਪਾਰ ਕਰਨ 'ਚ ਮਦਦ ਕੀਤੀ। ਟੀਮ ਇੰਡੀਆ ਨੇ 215 ਰਨ 'ਤੇ 8 ਵਿਕਟ ਗਵਾ ਦਿੱਤੇ ਸਨ। ਪਰ ਸਾਹਾ ਨੇ 58 ਰਨ ਦੀ ਨਾਬਾਦ ਪਾਰੀ ਖੇਡੀ ਅਤੇ ਆਖਰੀ 2 ਵਿਕਟਾਂ ਲਈ ਭੁਵਨੇਸ਼ਵਰ ਕੁਮਾਰ ਅਤੇ ਮੋਹੰਮਦ ਸ਼ਮੀ ਨਾਲ ਮਿਲਕੇ 47 ਰਨ ਜੋੜੇ ਅਤੇ ਟੀਮ ਇੰਡੀਆ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ।
ਕੀਵੀ ਗੇਂਦਬਾਜ਼ ਹਿਟ
ਟੀਮ ਇੰਡੀਆ ਨੂੰ ਦੂਜੀ ਪਾਰੀ 'ਚ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਕਾਫੀ ਪਰੇਸ਼ਾਨ ਕੀਤਾ। ਟੀਮ ਇੰਡੀਆ ਦੇ 6 ਬੱਲੇਬਾਜ਼ ਦਹਾਈ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇ। ਨਿਊਜ਼ੀਲੈਂਡ ਲਈ ਮੈਟ ਹੈਨਰੀ, ਟਰੈਂਟ ਬੋਲਟ ਅਤੇ ਸੈਂਟਨਰ ਦਾ ਪ੍ਰਦਰਸ਼ਨ ਦਮਦਾਰ ਰਿਹਾ। ਤਿੰਨੇ ਗੇਂਦਬਾਜ਼ਾਂ ਨੇ 3-3 ਵਿਕਟ ਹਾਸਿਲ ਕੀਤੇ।