ਮੁੱਕੇਬਾਜ਼ਾਂ ਦੀ ਬਿਨਾ ਮੈਡਲ ਜਿੱਤੇ ਰੀਓ ਤੋਂ ਵਾਪਸੀ
ਕੁਆਟਰਫਾਈਨਲ 'ਚ ਹਾਰੇ ਵਿਕਾਸ ਕ੍ਰਿਸ਼ਨ
ਭਾਰਤੀ ਮੁੱਕੇਬਾਜ਼ਾਂ ਨੇ ਲਗਾਤਾਰ 2 ਓਲੰਪਿਕਸ 'ਚ ਮੈਡਲ ਜਿੱਤ ਕੇ ਕਮਾਲ ਕਰ ਦਿੱਤਾ ਸੀ। ਬੀਜਿੰਗ ਅਤੇ ਲੰਡਨ ਦੇ ਓਲੰਪਿਕਸ 'ਚ ਭਾਰਤ ਨੂੰ ਮੁੱਕੇਬਾਜ਼ੀ 'ਚ ਮੈਡਲ ਹਾਸਿਲ ਹੋਏ। ਇਨ੍ਹਾਂ ਓਲੰਪਿਕਸ ਕਾਰਨ ਹੀ ਇਸ ਵਾਰ ਵੀ ਦੇਸ਼ ਨੂੰ ਮੁੱਕੇਬਾਜ਼ੀ ਦੀ ਖੇਡ 'ਚ ਤਗਮੇ ਦੀ ਆਸ ਸੀ। ਪਰ ਸੋਮਵਾਰ ਦੇ ਦਿਨ ਭਾਰਤ ਦਾ ਮੁੱਕੇਬਾਜ਼ੀ 'ਚ ਓਲੰਪਿਕ ਅਭਿਆਨ ਬਿਨਾ ਕਿਸੇ ਮੈਡਲ ਦੇ ਹੀ ਖਤਮ ਹੋ ਗਿਆ। ਭਾਰਤੀ ਮੁੱਕੇਬਾਜ਼ਾਂ ਨੇ ਰੀਓ ਓਲੰਪਿਕਸ 'ਚ ਨਿਰਾਸ਼ ਕੀਤਾ।
ਭਾਰਤ ਨੂੰ ਮੁੱਕੇਬਾਜ਼ੀ 'ਚ ਪਹਿਲੀ ਹਾਰ 56kg ਭਾਰਵਰਗ 'ਚ ਸ਼ਿਵਾ ਥਾਪਾ ਦੇ ਰੂਪ 'ਚ ਮਿਲੀ ਸੀ। ਪਹਿਲੇ ਦੌਰ ਦਾ ਮੈਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਸਨ। ਕਿਊਬਾ ਦੇ ਦਿੱਗਜ ਮੁੱਕੇਬਾਜ਼ ਰੌਬਿਸੇ ਰਾਮੀਰੇਜ਼ ਨੇ ਭਾਰਤ ਦੇ ਸ਼ਿਵਾ ਥਾਪਾ ਨੂੰ ਇੱਕ ਤਰਫਾ ਅੰਦਾਜ਼ 'ਚ 3-0 ਨਾਲ ਮਾਤ ਦਿੱਤੀ ਸੀ।
ਮੁੱਕੇਬਾਜ਼ੀ 'ਚ ਭਾਰਤ ਨੂੰ ਦੂਜੀ ਨਾਕਾਮੀ ਦਾ ਸਾਹਮਣਾ ਉਸ ਵੇਲੇ ਕਰਨਾ ਪਿਆ ਸੀ ਜਦ ਰਾਊਂਡ ਆਫ 16 'ਚ ਮਨੋਜ ਕੁਮਾਰ ਆਪਣਾ ਮੁਕਾਬਲਾ ਹਾਰ ਗਏ ਸਨ। ਐਤਵਾਰ ਦੇ ਦਿਨ ਮਨੋਜ ਕੁਮਾਰ ਆਪਣਾ ਪ੍ਰੀਕੁਆਟਰਫਾਈਨਲ ਮੁਕਾਬਲਾ ਹਾਰ ਗਏ ਅਤੇ ਉਜ਼ਬੇਕਿਸਤਾਨ ਦੇ ਮੁੱਕੇਬਾਜ਼ ਫਾਜ਼ਲੀਦੀਨ ਗੈਬਨਾਜ਼ਾਰੋਵ ਨੇ ਮਨੋਜ ਕੁਮਾਰ ਨੂੰ 3-0 ਨਾਲ ਮਾਤ ਦਿੱਤੀ।
ਮਨੋਜ ਕੁਮਾਰ ਤੋਂ ਵੀ ਉਮੀਦਾਂ ਵੱਡਿਆਂ ਸਨ ਪਰ ਇਨ੍ਹਾਂ ਉਮੀਦਾਂ ਸਾਹਮਣੇ ਮਨੋਜ ਦਾ ਪ੍ਰਦਰਸ਼ਨ ਛੋਟਾ ਸਾਬਿਤ ਹੋਇਆ।
ਵਿਕਾਸ ਕ੍ਰਿਸ਼ਨ ਮੁੱਕੇਬਾਜ਼ੀ 'ਚ ਭਾਰਤ ਦੀ ਇਕਲੌਤੀ ਉਮੀਦ ਬਚੇ ਸਨ। ਸੋਮਵਾਰ ਨੂੰ ਭਾਰਤ ਦੀ ਇਹ ਉਮੀਦ ਵੀ ਖਤਮ ਹੋ ਗਈ। ਵਿਕਾਸ ਨੇ ਉਜ਼ਬੇਕਿਸਤਾਨ ਦੇ ਮੁੱਕੇਬਾਜ਼ ਖਿਲਾਫ ਟੱਕਰ ਲਈ। ਉਜ਼ਬੇਕਿਸਤਾਨ ਦੇ ਬੈਕਤੈਮਿਰ ਮੈਲੀਕੁਜ਼ੀਐਵ ਨੇ ਇੱਕ ਤਰਫਾ ਅੰਦਾਜ਼ 'ਚ ਵਿਕਾਸ ਕ੍ਰਿਸ਼ਨ ਨੂੰ ਮਾਤ ਦਿੱਤੀ। ਪਹਿਲੇ ਰਾਊਂਡ 'ਚ ਹੀ ਮੈਲੀਕੁਜ਼ੀਐਵ ਨੇ ਵਿਕਾਸ ਨੂੰ ਚੰਗੇ ਪੰਚਿਸ ਲਗਾਏ। ਦੂਜੇ ਰਾਊਂਡ 'ਚ ਉਜ਼ਬੇਕਿਸਤਾਨ ਦਾ ਇੱਕ ਪੰਚ ਵਿਕਾਸ ਨੂੰ ਅਜਿਹਾ ਲੱਗਾ ਕਿ ਉਸਦੀ ਗਮ-ਸ਼ੀਲਡ ਹੀ ਡਿੱਗ ਪਈ। ਇਸਤੋਂ ਪਹਿਲਾਂ ਕਿ ਵਿਕਾਸ ਸੰਭਲਦੇ ਉਜ਼ਬੇਕਿਸਤਾਨ ਦੇ ਮੁੱਕੇਬਾਜ਼ ਨੇ ਹੁੱਕ ਮਾਰਿਆ ਅਤੇ ਵਿਕਾਸ ਬੁਰੀ ਤਰ੍ਹਾ ਆਪਣਾ ਬੈਲੈਂਸ ਗਵਾ ਬੈਠੇ। ਇਸਤੋਂ ਬਾਅਦ ਤੀਜੇ ਰਾਊਂਡ 'ਚ ਵੀ ਉਜ਼ਬੇਕਿਸਤਾਨ ਦੇ ਮੁੱਕੇਬਾਜ਼ ਨੇ ਵਿਕਾਸ ਦੀ ਚੰਗੀ ਧੁਨਾਈ ਕੀਤੀ ਅਤੇ ਭਾਰਤੀ ਮੁੱਕੇਬਾਜ਼ ਮੈਚ ਗਵਾ ਬੈਠਾ। ਉਜ਼ਬੇਕਿਸਤਾਨ ਦੇ ਮੁੱਕੇਬਾਜ਼ ਨੇ ਮੈਚ 3-0 ਨਾਲ ਆਪਣੇ ਝੋਲੀ 'ਚ ਪਾਇਆ।
ਰੀਓ ਓਲੰਪਿਕਸ 'ਚ ਭਾਰਤੀ ਮੁੱਕੇਬਾਜ਼ ਵਿਕਾਸ ਕ੍ਰਿਸ਼ਨ ਨੂੰ ਦਮਦਾਰ ਸ਼ੁਰੂਆਤ ਮਿਲੀ। ਵਿਕਾਸ ਕ੍ਰਿਸ਼ਨ ਨੇ 75kg ਭਾਰਵਰਗ 'ਚ ਜੇਤੂ ਆਗਾਜ਼ ਕੀਤਾ ਅਤੇ ਅਮਰੀਕਾ ਦੇ ਚਾਰਲਸ ਕਾਨਵੈਲ ਨੂੰ ਇੱਕ ਤਰਫਾ ਅੰਦਾਜ਼ 'ਚ 3-0 ਨਾਲ ਮਾਤ ਦਿੱਤੀ। ਵਿਕਾਸ ਕ੍ਰਿਸ਼ਨ ਨੇ ਜਿੱਤ ਦਰਜ ਕਰ ਪ੍ਰੀਕੁਆਟਰਫਾਈਨਲ 'ਚ ਕੀਤੀ ਐਂਟਰੀ। ਫਿਰ ਸ਼ੁੱਕਰਵਾਰ ਨੂੰ ਖੇਡੇ ਰਾਊਂਡ ਆਫ 16 ਦੇ ਮੈਚ 'ਚ ਵਿਕਾਸ ਕ੍ਰਿਸ਼ਨ ਨੇ ਧਮਾਕੇਦਾਰ ਖੇਡ ਵਿਖਾਉਂਦਿਆਂ ਕੁਆਟਰਫਾਈਨਲ 'ਚ ਐਂਟਰੀ ਕੀਤੀ। ਟਰਕੀ ਦੇ ਮੁੱਕੇਬਾਜ਼ ਔਂਡਰ ਸਿਪਲ ਖਿਲਾਫ 3-0 ਨਾਲ ਬਾਜ਼ੀ ਮਾਰੀ। ਪਰ ਸੋਮਵਾਰ ਨੂੰ ਵਿਕਾਸ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਨਹੀਂ ਰੱਖ ਸਕੇ ਅਤੇ ਮੈਚ ਹਾਰ ਕੇ ਓਲੰਪਿਕਸ ਤੋਂ ਬਾਹਰ ਹੋ ਗਏ।
ਪਹਿਲੇ ਦੌਰ 'ਚ ਹਾਰੇ ਸ਼ਿਵਾ ਥਾਪਾ
ਉਮੀਦਾਂ 'ਤੇ ਖਰੇ ਨਹੀਂ ਉਤਰੇ ਮਨੋਜ