ਮਹਿਤਾਬ-ਉਦ-ਦੀਨ
Tokyo Olympics: ਟੋਕੀਓ ਉਲੰਪਿਕਸ 2020 ਦੇ ਮੁੱਖ ਸਮਾਰੋਹ ਭਾਵੇਂ ਖ਼ਤਮ ਹੋ ਗਏ ਹੋਣ ਪਰ ਹਾਲੇ ਟੋਕੀਓ ਪੈਰਾ ਉਲੰਪਿਕਸ 2020 ਹੋਣਾ ਬਾਕੀ ਹੈ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਆਉਂਦੀ 24 ਅਗਸਤ ਤੋਂ ਹੋਣੀ ਹੈ ਤੇ ਇਹ 5 ਸਤੰਬਰ ਤੱਕ ਚੱਲਣਗੀਆਂ। ਕੈਥਲ (ਹਰਿਆਣਾ) ਦੇ ਪਿੰਡ ਅਜੀਤਨਗਰ ਦਾ ਜੰਮਪਲ਼ ਤੀਰਅੰਦਾਜ਼ ਹਰਵਿੰਦਰ ਸਿੰਘ ਇਸ ਵੇਲੇ ਭਾਵੇਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੀਐੱਚ.ਡੀ. ਕਰ ਰਿਹਾ ਹੈ ਪਰ ਹਾਲ ਦੀ ਘੜੀ ਉਹ ਟੋਕੀਓ ਪੈਰਾ ਉਲੰਪਿਕਸ ਦੀਆਂ ਤਿਆਰੀਆਂ ਕਰ ਰਿਹਾ ਹੈ ਤੇ ਉਸ ਦੀ ਅੱਖ ਐਤਕੀਂ ਗੋਲਡ ਮੈਡਲ ’ਤੇ ਹੈ।
ਬਚਪਨ ’ਚ ਹਰਵਿੰਦਰ ਸਿੰਘ ਜਦੋਂ ਹਾਲੇ ਸਿਰਫ਼ ਡੇਢ ਕੁ ਸਾਲ ਦਾ ਹੀ ਸੀ, ਤਦ ਉਸ ਨੂੰ ਡੇਂਗੂ ਹੋ ਗਿਆ ਸੀ। ਮਾਪੇ ਉਸ ਨੂੰ ਇੱਕ ਸਥਾਨਕ ਡਾਕਟਰ ਕੋਲ ਲੈ ਕੇ ਗਏ। ਉਸ ਨੇ ਜਿਵੇਂ ਹੀ ਇੰਜੈਕਸ਼ਨ ਲਾਇਆ, ਉਸ ਦੀਆਂ ਲੱਤਾਂ ਪੂਰੀ ਤਰ੍ਹਾਂ ਖੜ੍ਹ ਗਈਆਂ ਸਨ, ਇਸ ਲਈ ਉਹ ਹੁਣ ਸਹੀ ਤਰੀਕੇ ਨਾਲ ਚੱਲ ਨਹੀਂ ਸਕਦਾ।
ਜਦੋਂ ਹਰਵਿੰਦਰ ਸਿੰਘ ਸਿਆਣਾ ਹੋਇਆ, ਤਾਂ ਉਸ ਨੇ ਆਪਣੇ ਮਾਪਿਆਂ ਨੂੰ ਸਪੱਸ਼ਟ ਆਖ ਦਿੱਤਾ ਸੀ ਕਿ ਉਹ ਹੁਣ ਉਸ ਦੀਆਂ ਲੱਤਾਂ ਦੇ ਇਲਾਜ ’ਤੇ ਫ਼ਿਜ਼ੂਲ ਧਨ ਤੇ ਸਮਾਂ ਬਰਬਾਦ ਨਾ ਕਰਨ; ਕਿਉਂਕਿ ਤਦ ਤੱਕ ਉਸ ਨੇ ਹਾਲਾਤ ਤੇ ਹੋਣੀ ਨਾਲ ਪੂਰੀ ਤਰ੍ਹਾਂ ਸਮਝੌਤਾ ਕਰ ਲਿਆ ਸੀ। ‘ਦ ਬ੍ਰਿਜ’ ਦੀ ਰਿਪੋਰਟ ਅਨੁਸਾਰ ਕੋਰੋਨਾ ਮਹਾਮਾਰੀ ਦੇ ਬਾਵਜੂਦ ਹਰਵਿੰਦਰ ਸਿੰਘ ਨੇ ਬਹੁਤ ਮਿਹਨਤ ਕੀਤੀ ਹੈ ਤੇ ਨੀਦਰਲੈਂਡਜ਼ ’ਚ ਹੋਈ ਵਰਲਡ ਪੈਰਾ ਆਰਚਰੀ ਚੈਂਪੀਅਨਸ਼ਿਪਸ ਵਿੱਚ ਉਹ ਟੋਕੀਓ ਪੈਰਾ ਉਲੰਪਿਕਸ ਲਈ ਕੁਆਲੀਫ਼ਾਈ ਕਰਦਿਆਂ ਉਹ 9ਵੇਂ ਨੰਬਰ ’ਤੇ ਰਿਹਾ ਸੀ।
ਹਰਵਿੰਦਰ ਸਿੰਘ ਹੁਣ W2/ST ਵਰਗ ਦੇ ਮੁਕਾਬਲੇ ’ਚ ਹੋਵੇਗਾ ਤੇ ਇਸ ਨੂੰ ਉਲੰਪਿਕ ਵਿੱਚ ਪੈਰਾ ਆਰਚਰੀ ਦਾ ਖੁੱਲ੍ਹਾ ਵਰਗ ਆਖਿਆ ਜਾਂਦਾ ਹੈ। ਹਰਵਿੰਦਰ ਸਿੰਘ ਇਸ ਤੋਂ ਪਹਿਲਾਂ 2018 ਦੀਆ ਏਸ਼ੀਆਈ ਪੈਰਾ ਗੇਮਜ਼ ਵਿੱਚ ਗੋਲਡ ਮੈਡਲ ਜਿੱਤ ਚੁੱਕਾ ਹੈ। ਉਹ ਸੋਨ ਤਮਗ਼ਾ ਜਿੱਤਣ ਦੀ ਭਾਵੇਂ ਉਸ ਨੂੰ ਖ਼ੁਸ਼ੀ ਸੀ ਪਰ ਉਸ ਚੈਂਪੀਅਨਸ਼ਿਪ ਤੋਂ ਸਿਰਫ਼ 20 ਦਿਨ ਪਹਿਲਾ ਹੀ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ।
ਇਸੇ ਲਈ ਉਹ ਤਮਗ਼ਾ ਉਸ ਨੇ ਆਪਣੀ ਮਾਂ ਨੂੰ ਹੀ ਸਮਰਪਿਤ ਕੀਤਾ ਸੀ। ਸਾਲ 2019 ’ਚ ਬੈਂਕੌਕ ਵਿਖੇ ਹੋਈਆਂ ਏਸ਼ੀਆਈ ਪੈਰਾ ਆਰਚਰੀ ਚੈਂਪੀਅਨਸ਼ਿਪ ਵਿੱਚ ਹਰਵਿੰਦਰ ਸਿੰਘ ਨੇ ਕਾਂਸੇ ਦਾ ਤਮਗ਼ਾ ਜਿੱਤਿਆ ਸੀ।