ਦੁਬਈ - ਪਾਕਿਸਤਾਨ ਅਤੇ ਵੈਸਟ ਇੰਡੀਜ਼ ਵਿਚਾਲੇ ਖੇਡਦੇ ਗਏ ਦੂਜੇ ਟੀ-20 ਮੈਚ 'ਚ ਪਾਕਿਸਤਾਨ ਦੀ ਟੀਮ ਨੇ 16 ਰਨ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਪਾਕਿਸਤਾਨੀ ਟੀਮ ਨੇ ਸੀਰੀਜ਼ 'ਤੇ ਵੀ ਕਬਜਾ ਕਰ ਲਿਆ। 3 ਮੈਚਾਂ ਦੀ ਸੀਰੀਜ਼ 'ਚ ਪਾਕਿਸਤਾਨ ਦੀ ਟੀਮ ਨੇ 2-0 ਦੀ ਲੀਡ ਹਾਸਿਲ ਕਰ ਲਈ ਹੈ। 


 

ਪਾਕਿਸਤਾਨ - 160/4 

 

ਵੈਸਟ ਇੰਡੀਜ਼ ਦੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਪਾਕਿਸਤਾਨੀ ਟੀਮ ਨੂੰ ਪਹਿਲਾ ਝਟਕਾ 4 ਰਨ ਦੇ ਸਕੋਰ 'ਤੇ ਲੱਗਾ ਜਦ ਸ਼ਰਜੀਲ ਖਾਨ ਆਪਣਾ ਵਿਕਟ ਗਵਾ ਬੈਠੇ। ਫਿਰ ਬਾਬਰ ਆਜ਼ਮ ਨੇ ਖਾਲਿਦ ਲਤੀਫ ਨਾਲ ਮਿਲਕੇ ਦੂਜੇ ਵਿਕਟ ਲਈ 54 ਰਨ ਦੀ ਪਾਰਟਨਰਸ਼ਿਪ ਕੀਤੀ। ਬਾਬਰ ਆਜ਼ਮ 19 ਅਤੇ ਖਾਲਿਦ ਲਤੀਫ 40 ਰਨ ਬਣਾ ਕੇ ਆਊਟ ਹੋਏ। ਸ਼ੋਏਬ ਮਲਿਕ ਅਤੇ ਸਰਫਰਾਜ਼ ਅਹਿਮਦ ਨੇ ਮਿਲਕੇ ਪਾਕਿਸਤਾਨੀ ਸਕੋਰ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਅਤੇ ਚੌਥੇ ਵਿਕਟ ਲਈ 69 ਰਨ ਦੀ ਪਾਰਟਨਰਸ਼ਿਪ ਕੀਤੀ। ਸ਼ੋਏਬ ਮਲਿਕ ਨੇ 28 ਗੇਂਦਾਂ 37 ਰਨ ਦੀ ਪਾਰੀ ਖੇਡੀ। ਕਪਤਾਨ ਸਰਫਰਾਜ਼ ਅਹਿਮਦ 32 ਗੇਂਦਾਂ 'ਤੇ 46 ਰਨ ਬਣਾ ਕੇ ਨਾਬਾਦ ਰਹੇ। ਪਾਕਿਸਤਾਨ ਦੀ ਟੀਮ ਨੇ ਨਿਰਧਾਰਿਤ 20 ਓਵਰਾਂ 'ਚ 4 ਵਿਕਟ ਗਵਾ ਕੇ 160 ਰਨ ਦਾ ਸਕੋਰ ਖੜਾ ਕੀਤਾ। 

  

 

ਤਨਵੀਰ ਦਾ ਦਮਦਾਰ ਸਪੈਲ 

 

ਪਾਕਿਸਤਾਨੀ ਟੀਮ ਨੇ ਵੈਸਟ ਇੰਡੀਜ਼ ਦੇ ਬੱਲੇਬਾਜ਼ਾਂ ਨੂੰ ਸ਼ੁਰੂਆਤ ਤੋਂ ਹੀ ਪਰੇਸ਼ਾਨੀ 'ਚ ਪਾਏ ਰਖਿਆ। ਵੈਸਟ ਇੰਡੀਜ਼ ਦੀ ਟੀਮ 6ਵੇਂ ਓਵਰ 'ਚ 19 ਰਨ 'ਤੇ 3 ਵਿਕਟ ਗਵਾ ਚੁੱਕੀ ਸੀ। ਵਿਕਟ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ ਅਤੇ ਜਦ ਤਕ ਵੈਸਟ ਇੰਡੀਜ਼ ਦੀ ਟੀਮ 89 ਰਨ ਤਕ ਪਹੁੰਚੀ ਤਾਂ ਟੀਮ ਨੇ 7 ਵਿਕਟ ਗਵਾ ਦਿੱਤੇ ਸਨ। ਆਖਰੀ ਓਵਰਾਂ ਦੌਰਾਨ ਸੁਨੀਲ ਨਰੇਨ ਨੇ 17 ਗੇਂਦਾਂ 'ਤੇ 30 ਰਨ ਦੀ ਪਾਰੀ ਖੇਡੀ ਅਤੇ ਵੈਸਟ ਇੰਡੀਜ਼ ਨੂੰ 144 ਰਨ ਤਕ ਪਹੁੰਚਾਇਆ। ਵੈਸਟ ਇੰਡੀਜ਼ ਦੀ ਟੀਮ ਮੈਚ 16 ਰਨ ਨਾਲ ਹਾਰ ਗਈ। ਪਾਕਿਸਤਾਨ ਲਈ ਸੋਹੇਲ ਤਨਵੀਰ ਦੀ ਗੇਂਦਬਾਜ਼ੀ ਦਮਦਾਰ ਰਹੀ। ਸੋਹੇਲ ਤਨਵੀਰ ਨੇ 4 ਓਵਰਾਂ 'ਚ 13 ਰਨ ਦੇਕੇ 3 ਵਿਕਟ ਝਟਕੇ।