ਨਵੀਂ ਦਿੱਲੀ - ਪਿਛਲੇ 4 ਸਾਲ ਤੋਂ ਵੀ ਵਧ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਚਲ ਰਹੇ ਤੇਜ ਗੇਂਦਬਾਜ਼ ਪ੍ਰਵੀਨ ਕੁਮਾਰ ਅੱਜ ਸਮਾਜਵਾਦੀ ਪਾਰਟੀ 'ਚ ਸ਼ਾਮਿਲ ਹੋ ਗਏ। 29 ਸਾਲ ਦੇ ਪ੍ਰਵੀਨ ਕੁਮਾਰ ਮੇਰਠ ਦੇ ਰਹਿਣ ਵਾਲੇ ਹਨ। ਪ੍ਰਵੀਨ ਕੁਮਾਰ ਲਖਨਉ ਵਿੱਚ ਸਮਾਜਵਾਦੀ ਪਾਰਟੀ ਵਿੱਚ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿੱਚ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋਏ। 


  

 

ਪ੍ਰਵੀਨ ਕੁਮਾਰ ਨੇ ‘ਏ.ਬੀ.ਪੀ.ਨਿਊਜ਼’ ਨਾਲ ਗੱਲਬਾਤ ਦੌਰਾਨ ਕਿਹਾ, ‘ਮੈਂ ਚੋਣਾ ਨਹੀਂ ਲੜਾਂਗਾ, ਪਰ ਸਿਖਾਂਗਾ ਕਿ ਰਾਜਨੀਤੀ ਕਿਸ ਤਰ੍ਹਾਂ ਕਰਦੇ ਹਨ। ਮੈਂ ਅਜੇ ਰਾਜਨੀਤੀ 'ਚ ਬੱਚਾ ਹਾਂ ਅਤੇ ਅਜੇ ਮੈਨੂੰ ਸਿੱਖਣ ਦੀ ਲੋੜ ਹੈ। ਮੈਂ ਅਖਿਲੇਸ਼ ਯਾਦਵ ਦੇ ਕੰਮ ਤੋਂ ਪ੍ਰਭਾਵਿਤ ਹੋਇਆਂ ਹਾਂ। ਅਖਿਲੇਸ਼ ਨੇ ਖਿਡਾਰੀਆਂ ਤੇ ਫਿਲਮ ਸਿਤਾਰਿਆਂ ਦੇ ਲਈ ਬਹੁਤ ਕੰਮ ਕੀਤਾ ਹੈ। ਜੇਕਰ ਅਖਿਲੇਸ਼ ਕਹਿਣਗੇ ਤਾਂ ਹੀ ਮੈਂ ਚੋਣਾ ਲੜਾਂਗਾ।’ 


  

 

ਉੱਤਰ ਪ੍ਰਦੇਸ਼ ਚੋਣਾਂ ਤੋਂ ਠੀਕ ਪਹਿਲਾਂ ਟੀਮ ਇੰਡੀਆ ਦੇ ਮੀਡੀਅਮ ਪੇਸਰ ਗੇਂਦਬਾਜ਼ ਪ੍ਰਵੀਨ ਕੁਮਾਰ ਨੇ ਸਿਆਸੀ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ। ਪ੍ਰਵੀਨ ਕੁਮਾਰ ਭਾਰਤੀ ਕ੍ਰਿਕਟ ਦਾ ਨਾਮਿ ਚਿਹਰਾ ਹੈ ਅਤੇ ਉਨ੍ਹਾਂ ਨੇ ਭਾਰਤ ਦੀ ਜਿੱਤ 'ਚ ਕਈ ਵਾਰ ਯੋਗਦਾਨ ਪਾਇਆ। 


  

 

ਪ੍ਰਵੀਨ ਕੁਮਾਰ ਨੇ ਭਾਰਤ ਲਈ 6 ਟੈਸਟ, 68 ਵਨਡੇ ਅਤੇ 10 ਟੀ-20 ਮੈਚ ਖੇਡੇ ਹਨ। ਗੇਂਦਬਾਜ਼ੀ ਕਰਦਿਆਂ ਪ੍ਰਵੀਨ ਕੁਮਾਰ ਨੇ ਟੈਸਟ ਮੈਚਾਂ 'ਚ 27 ਅਤੇ ਵਨਡੇ ਮੈਚਾਂ 'ਚ 77 ਵਿਕਟ ਹਾਸਿਲ ਕੀਤੇ। ਟੀ-20 ਮੈਚਾਂ 'ਚ ਪ੍ਰਵੀਨ ਦੇ ਨਾਮ ਕੁਲ 8 ਵਿਕਟ ਹਨ। ਪ੍ਰਵੀਨ ਕੁਮਾਰ ਨੇ ਆਪਣਾ ਆਖਰੀ ਟੈਸਟ ਸਾਲ 2011 'ਚ ਖੇਡਿਆ ਸੀ। ਪ੍ਰਵੀਨ ਨੇ ਭਾਰਤ ਲਈ ਆਖਰੀ ਮੈਚ ਟੀ-20 ਦੇ ਰੂਪ ''ਚ ਖੇਡਿਆ ਸੀ ਜੋ ਕਿ 30 ਮਾਰਚ 2012 ਨੂੰ ਖੇਡਿਆ ਗਿਆ ਸੀ। ਲੰਮੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਚਲ ਰਹੇ ਪ੍ਰਵੀਨ ਕੁਮਾਰ ਇੰਜਰੀਸ ਨਾਲ ਵੀ ਜੂਝਦੇ ਰਹੇ ਹਨ। ਟੀਮ ਇੰਡੀਆ ਦੀ ਪਾਰੀ ਖਤਮ ਹੁੰਦੀ ਨਜਰ ਆਈ ਤਾਂ ਪ੍ਰਵੀਨ ਕੁਮਾਰ ਨੇ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ ਹੈ।