ਫੈਲਪਸ ਨੇ ਦੁਬਾਰਾ ਰਚਿਆ ਇਤਿਹਾਸ
ਮਾਈਕਲ ਫੈਲਪਸ, ਇਹ ਨਾਮ ਹੈ ਓਲੰਪਿਕਸ ਦੇ 'ਮੋਸਟ ਡੈਕੋਰੇਟਿਡ ਅਥਲੀਟ' ਦਾ, ਇਹ ਨਾਮ ਹੈ ਵਿਸ਼ਵ ਦੇ ਸਭ ਤੋਂ ਬੇਹਤਰੀਨ ਤੈਰਾਕ ਦਾ, ਅਤੇ ਇਹ ਨਾਮ ਇਤਿਹਾਸ 'ਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾ ਚੁੱਕਿਆ ਹੈ। ਅੱਜ ਇਸ ਨਾਮ ਦੇ ਨਾਲ ਇੱਕ ਹੋਰ ਸੁਨਹਿਰਾ ਮੈਡਲ ਜੁੜ ਗਿਆ ਹੈ।
ਮਾਈਕਲ ਫੈਲਪਸ ਨੇ ਓਲੰਪਿਕਸ 'ਚ 22ਵਾਂ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਫੈਲਪਸ ਨੇ ਓਲੰਪਿਕ ਖੇਡਾਂ ਦੇ 6ਵੇਂ ਦਿਨ 200m ਇੰਡੀਵਿਜੁਅਲ ਮੈਡਲੇ 'ਚ ਗੋਲਡ ਮੈਡਲ ਜਿੱਤਿਆ। ਪਹਿਲਾਂ 200m ਬਟਰਫਲਾਈ 'ਚ ਜਿੱਤ ਦਰਜ ਕਰਨ ਤੋਂ ਬਾਅਦ ਫੈਲਪਸ ਨੇ 4 ਗੁਨਾ 200 ਮੀਟਰ ਫ੍ਰੀਸਟਾਈਲ ਰਿਲੇ 'ਚ ਬਾਜ਼ੀ ਮਾਰੀ।
ਵੀਰਵਾਰ ਨੂੰ ਹੋਏ 200m ਇੰਡੀਵਿਜੁਅਲ ਮੈਡਲੇ ਈਵੈਂਟ 'ਚ ਫੈਲਪਸ ਨੇ 1.54.66 ਦੇ ਟਾਈਮਿੰਗ ਨਾਲ ਗੋਲਡ ਮੈਡਲ ਆਪਣੇ ਨਾਮ ਕੀਤਾ। ਇਸੇ ਈਵੈਂਟ 'ਚ ਸਿਲਵਰ ਮੈਡਲ ਜਾਪਾਨ ਅਤੇ ਕਾਂਸੀ ਦਾ ਤਗਮਾ ਚੀਨ ਦੇ ਸਵਿਮਰਸ ਨੂੰ ਹਾਸਿਲ ਹੋਇਆ।
ਫੈਲਪਸ ਓਹੀ ਅਥਲੀਟ ਹੈ ਜਿਸਨੇ ਬੀਜਿੰਗ ਓਲੰਪਿਕਸ 'ਚ 8 ਗੋਲਡ ਮੈਡਲ ਜਿੱਤ ਕੇ ਇੱਕੋ ਓਲੰਪਿਕਸ 'ਚ ਸਭ ਤੋਂ ਵੱਧ ਗੋਲਡ ਜਿੱਤਣ ਦਾ ਇਤਿਹਾਸ ਰਚਿਆ ਹੈ। ਅੱਜ ਦੀ ਜਿੱਤ ਦੇ ਨਾਲ ਫੈਲਪਸ ਦੀ ਕੁਲ ਤਗਮਿਆਂ ਦੀ ਗਿਣਤੀ 26 ਹੋ ਗਈ ਹੈ ਜਿਸ 'ਚ 22 ਗੋਲਡ ਮੈਡਲ ਸ਼ਾਮਿਲ ਹਨ।
ਇਸਤੋਂ ਪਹਿਲਾਂ ਫੈਲਪਸ ਨੇ ਓਲੰਪਿਕ ਖੇਡਾਂ ਦੇ ਚੌਥੇ ਦਿਨ 2 ਗੋਲਡ ਮੈਡਲ ਜਿੱਤੇ ਸਨ। ਫੈਲਪਸ ਹੁਣ ਤਕ 200m ਬਟਰਫਲਾਈ, 4 ਗੁਨਾ 200 ਮੀਟਰ ਫ੍ਰੀਸਟਾਈਲ ਰਿਲੇ ਅਤੇ 4 ਗੁਨਾ 100 ਮੀਟਰ ਫ੍ਰੀਸਟਾਈਲ ਰਿਲੇ ਈਵੈਂਟ 'ਚ ਜਿੱਤ ਦਰਜ ਕਰ ਚੁੱਕੇ ਹਨ।