ਸੈਂਚੁਰੀਅਨ - ਕਵਿੰਟਨ ਡੀ ਕਾਕ ਦੇ ਧਮਾਕੇਦਾਰ ਸੈਂਕੜੇ ਦੇ ਆਸਰੇ ਦਖਣੀ ਅਫਰੀਕਾ ਦੀ ਟੀਮ ਨੇ ਆਸਟ੍ਰੇਲੀਆ ਨੂੰ ਆਸਾਨੀ ਨਾਲ ਮਾਤ ਦੇ ਦਿੱਤੀ। ਡੀ ਕਾਕ ਨੇ 113 ਗੇਂਦਾਂ 'ਤੇ 178 ਰਨ ਦੀ ਪਾਰੀ ਖੇਡ ਅਫਰੀਕੀ ਟੀਮ ਦੀ ਜਿੱਤ 'ਚ ਖਾਸ ਭੂਮਿਕਾ ਨਿਭਾਈ। 


 

ਆਸਟ੍ਰੇਲੀਆ - 294/9 (49 ਓਵਰ) 

 

ਅਫਰੀਕੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆ। ਆਸਟ੍ਰੇਲੀਆ ਨੂੰ ਵਾਰਨਰ ਅਤੇ ਫਿੰਚ ਦੀ ਸਲਾਮੀ ਜੋੜੀ ਨੇ ਦਮਦਾਰ ਸ਼ੁਰੂਆਤ ਦਿੱਤੀ। ਦੋਨੇ ਬੱਲੇਬਾਜ਼ਾਂ ਨੇ ਮਿਲਕੇ ਪਹਿਲੇ ਵਿਕਟ ਲਈ 64 ਰਨ ਜੋੜੇ। ਵਾਰਨਰ ਨੇ 40 ਅਤੇ ਫਿੰਚ ਨੇ 33 ਰਨ ਦਾ ਯੋਗਦਾਨ ਪਾਇਆ। ਇਸਤੋਂ ਬਾਅਦ ਆਸਟ੍ਰੇਲੀਆ ਨੇ 192 ਰਨ ਤਕ ਪਹੁੰਚਦਿਆਂ 6 ਵਿਕਟ ਗਵਾ ਦਿੱਤੇ। ਆਸਟ੍ਰੇਲੀਆ ਦੀ ਲੜਖੜਾਈ ਪਾਰੀ ਨੂੰ ਬੇਲੀ ਨੇ ਹਾਸਟਿੰਗਸ ਨਾਲ ਮਿਲਕੇ ਸੰਭਾਲਿਆ। ਬੇਲੀ ਨੇ 74 ਅਤੇ ਹਾਸਟਿੰਗਸ ਨੇ 51 ਰਨ ਦੀ ਪਾਰੀ ਖੇਡੀ। ਆਸਟ੍ਰੇਲੀਆ ਨੇ ਨਿਰਧਾਰਿਤ 49 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 294 ਰਨ ਦਾ ਸਕੋਰ ਖੜਾ ਕੀਤਾ। ਅਫਰੀਕੀ ਟੀਮ ਲਈ ਫੈਹਲੁਕਵਾਇਓ ਨੇ 10 ਓਵਰਾਂ 'ਚ 44 ਰਨ ਦੇਕੇ 4 ਵਿਕਟ ਝਟਕੇ। 

  

 

ਡੀ ਕਾਕ ਦਾ ਧਮਾਕਾ 

 

295 ਰਨ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਅਫਰੀਕੀ ਟੀਮ ਨੂੰ ਡੀ ਕਾਕ ਅਤੇ ਰੌਸੋ ਨੇ ਧਮਾਕੇਦਾਰ ਸ਼ੁਰੂਆਤ ਦਿੱਤੀ। ਦੋਨਾ ਨੇ ਮਿਲਕੇ ਪਹਿਲੇ ਵਿਕਟ ਲਈ 17.1 ਓਵਰਾਂ 'ਚ 145 ਰਨ ਦੀ ਪਾਰਟਨਰਸ਼ਿਪ ਕਰ ਦਿੱਤੀ। ਰੌਸੋ 45 ਗੇਂਦਾਂ 'ਤੇ 63 ਰਨ ਬਣਾ ਕੇ ਆਊਟ ਹੋਏ। ਇਸਤੋਂ ਬਾਅਦ ਡੀ ਕਾਕ ਨੇ ਡੂਪਲੈਸੀ ਨਾਲ ਮਿਲਕੇ ਦੂਜੇ ਵਿਕਟ ਲਈ 123 ਰਨ ਜੋੜੇ। ਖਾਸ ਗਲ ਇਹ ਸੀ ਕਿ ਇਸ ਪਾਰਟਨਰਸ਼ਿਪ 'ਚ ਡੂਪਲੈਸੀ ਦਾ ਯੋਗਦਾਨ ਸਿਰਫ 26 ਰਨ ਦਾ ਸੀ। ਫਿਰ ਡਿਊਮਿਨੀ 9 ਰਨ ਬਣਾ ਕੇ ਆਊਟ ਹੋਏ। ਇਸਦੇ ਠੀਕ ਬਾਅਦ ਕਵਿੰਟਨ ਡੀ ਕਾਕ ਆਪਣਾ ਵਿਕਟ ਗਵਾ ਬੈਠੇ। ਡੀ ਕਾਕ ਨੇ 113 ਗੇਂਦਾਂ 'ਤੇ 178 ਰਨ ਦੀ ਪਾਰੀ ਖੇਡੀ। ਡੀ ਕਾਕ ਦੀ ਪਾਰੀ 'ਚ 16 ਚੌਕੇ ਅਤੇ 11 ਛੱਕੇ ਸ਼ਾਮਿਲ ਸਨ। ਡੀ ਕਾਕ ਨੇ ਆਪਣਾ ਅਰਧ-ਸੈਂਕੜਾ 38 ਗੇਂਦਾਂ 'ਤੇ ਪੂਰਾ ਕੀਤਾ ਅਤੇ ਫਿਰ ਸੈਂਕੜਾ 74 ਗੇਂਦਾਂ 'ਤੇ ਪੂਰਾ ਕੀਤਾ। ਡੀ ਕਾਕ 101 ਗੇਂਦਾਂ ਦਾ ਸਾਹਮਣਾ ਕਰ 150 ਰਨ ਤਕ ਪਹੁੰਚੇ। ਡੀ ਕਾਕ ਦੀ ਦਮਦਾਰ ਬੱਲੇਬਾਜ਼ੀ ਸਦਕਾ ਦਖਣੀ ਅਫਰੀਕਾ ਨੇ 295 ਰਨ ਦਾ ਟੀਚਾ 36.5 ਓਵਰਾਂ 'ਚ ਹੀ ਹਾਸਿਲ ਕਰ ਲਿਆ। ਇਸ ਜਿੱਤ ਦੇ ਨਾਲ ਅਫਰੀਕੀ ਟੀਮ ਨੇ 5 ਮੈਚਾਂ ਦੀ ਸੀਰੀਜ਼ 'ਚ 1-0 ਦੀ ਲੀਡ ਹਾਸਿਲ ਕਰ ਲਈ।