ਨਵੀਂ ਦਿੱਲੀ - ਰੋਹਿਤ ਸ਼ਰਮਾ ਦਾ ਬੱਲਾ ਇਨ੍ਹੀਂ ਦਿਨੀ ਜਾਦਾ ਰਨ ਨਹੀਂ ਬਰਸਾ ਰਿਹਾ। ਪਰ ਨਿਊਜ਼ੀਲੈਂਡ ਖਿਲਾਫ ਆਖਰੀ ਵਨਡੇ 'ਚ ਰੋਹਿਤ ਸ਼ਰਮਾ ਨੇ ਫਾਰਮ 'ਚ ਦਮਦਾਰ ਵਾਪਸੀ ਕੀਤੀ। ਰੋਹਿਤ ਸ਼ਰਮਾ ਦਾ ਬੱਲਾ ਚਾਹੇ ਕੁਝ ਮੈਚਾਂ ਤੋਂ ਖਾਮੋਸ਼ ਹੈ ਪਰ ਅੱਜ ਦੇ ਦਿਨ ਇਸ ਖਿਡਾਰੀ ਦੇ ਕੀਤੇ ਕਮਾਲ ਨੇ ਇਤਿਹਾਸ ਰਚ ਦਿੱਤਾ ਸੀ।
2 ਨਵੰਬਰ ਦਾ ਦਿਨ ਭਾਰਤੀ ਕ੍ਰਿਕਟ ਅਤੇ ਰੋਹਿਤ ਸ਼ਰਮਾ ਲਈ ਬੇਹਦ ਖਾਸ ਹੈ। ਅੱਜ ਦੇ ਹੀ ਦਿਨ ਰੋਹਿਤ ਸ਼ਰਮਾ ਨੇ 2013 'ਚ ਆਸਟ੍ਰੇਲੀਆ ਖਿਲਾਫ ਦੋਹਰਾ ਸੈਂਕੜਾ ਠੋਕਿਆ ਸੀ। ਰੋਹਿਤ ਦੀ ਇਸ ਰਿਕਾਰਡ ਤੋੜ ਪਾਰੀ ਨੇ ਟੀਮ ਇੰਡੀਆ ਦੀ ਸੀਰੀਜ਼ ਜਿੱਤ 'ਚ ਖਾਸ ਭੂਮਿਕਾ ਨਿਭਾਈ ਸੀ। ਰੋਹਿਤ ਸ਼ਰਮਾ ਨੇ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ 'ਚ 158 ਗੇਂਦਾਂ 'ਤੇ 209 ਰਨ ਦੀ ਧਮਾਕੇਦਾਰ ਪਾਰੀ ਖੇਡੀ। ਰੋਹਿਤ ਸ਼ਰਮਾ ਦੀ ਪਾਰੀ 'ਚ 12 ਚੌਕੇ ਅਤੇ 16 ਛੱਕੇ ਸ਼ਾਮਿਲ ਸਨ। ਰੋਹਿਤ ਸ਼ਰਮਾ ਦੇ ਦੋਹਰੇ ਸੈਂਕੜੇ ਦੇ ਆਸਰੇ ਭਾਰਤੀ ਟੀਮ ਨੇ ਆਸਟ੍ਰੇਲੀਆ ਸਾਹਮਣੇ 383 ਰਨ ਦਾ ਸਕੋਰ ਖੜਾ ਕੀਤਾ। ਟੀਮ ਇੰਡੀਆ ਇਹ ਮੈਚ 57 ਰਨ ਨਾਲ ਜਿੱਤਣ 'ਚ ਕਾਮਯਾਬ ਰਹੀ ਸੀ।
ਰੋਹਿਤ ਸ਼ਰਮਾ ਆਸਟ੍ਰੇਲੀਆ ਖਿਲਾਫ਼ ਖੇਡੀ 209 ਦੌੜਾਂ ਦੀ ਪਾਰੀ ਦੌਰਾਨ ਇੱਕੋ ਪਾਰੀ ਵਿਚ 16 ਛੱਕੇ ਠੋਕ ਇੱਕ ਦਿਨੀ ਮੁਕਾਬਲਿਆਂ ਦੀ ਇੱਕੋ ਪਾਰੀ ਵਿਚ ਸਭ ਤੋਂ ਵੱਧ ਛੱਕੇ ਲਗਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਸੀ। ਰੋਹਿਤ ਇੱਕਲੇ ਅਜਿਹੇ ਬੱਲੇਬਾਜ਼ ਹਨ ਜਿਸਨੇ ਵਨਡੇ ਇਤਿਹਾਸ 'ਚ 2 ਦੋਹਰੇ ਸੈਂਕੜੇ ਠੋਕੇ ਹਨ। ਰੋਹਿਤ ਸ਼ਰਮਾ ਨੇ ਆਸਟ੍ਰੇਲੀਆ ਖਿਲਾਫ਼ 209 ਅਤੇ ਫਿਰ ਸ਼੍ਰੀਲੰਕਾ ਖਿਲਾਫ਼ 264 ਦੌੜਾਂ ਦੀ ਪਾਰੀ ਖੇਡੀ।
ਉਮੀਦ ਇਹੀ ਹੈ ਕਿ ਰੋਹਿਤ ਅੱਗੇ ਵੀ ਟੀਮ ਇੰਡੀਆ ਲਈ ਕਮਾਲ ਕਰਦੇ ਰਹਿਣ ਅਤੇ ਟੀਮ ਇੰਡੀਆ ਨੂੰ ਵੱਡਿਆ ਬੁਲੰਦੀਆਂ ਤਕ ਪਹੁੰਚਾਉਣ।