ਹੈਦਰਾਬਾਦ - ਯੁਵਰਾਜ ਸਿੰਘ ਨੂੰ ਵਿਵਾਦਾਂ 'ਚ ਰਹਿਣ ਦੀ ਆਦਤ ਹੋ ਗਈ ਹੈ। ਕਦੀ ਯੁਵੀ ਦੀ ਫਾਰਮ ਕਾਰਨ ਓਹ ਵਿਵਾਦਾਂ 'ਚ ਰਹਿੰਦੇ ਹਨ ਅਤੇ ਕਦੀ ਆਪਣੇ ਨਿਜੀ ਰਿਸ਼ਤਿਆਂ ਕਾਰਨ ਵਿਵਾਦਾਂ 'ਚ ਘਿਰ ਜਾਂਦੇ ਹਨ। ਪਰ ਸਭ ਪਰੇਸ਼ਾਨੀਆਂ ਦੇ ਬਾਵਜੂਦ ਉਨ੍ਹਾਂ ਦੇ ਬੱਲੇ ਨੂੰ ਵੀ ਰਨ ਬਰਸਾਉਣ ਦੀ ਆਦਤ ਪੈ ਗਈ ਹੈ। ਬੀਤੇ ਦਿਨੀ ਬਿਗ ਬਾਸ ਚੋਂ ਬਾਹਰ ਹੋਈ ਯੁਵਰਾਜ ਸਿੰਘ ਦੀ ਭਾਬੀ ਆਕਾਂਕਸ਼ਾ ਸ਼ਰਮਾ ਨੇ ਯੁਵੀ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਬਦਸਲੂਕੀ ਦੇ ਇਲਜ਼ਾਮ ਲਾਏ ਸਨ। ਹਾਲਾਂਕਿ ਯੁਵਰਾਜ ਸਿੰਘ ਦੀ ਮਾਂ ਨੇ ਸਾਰੇ ਆਰੋਪਾਂ ਨੂੰ ਗਲਤ ਦੱਸਿਆ ਅਤੇ ਮਾਨਹਾਨੀ ਦਾ ਦਾਅਵਾ ਕਰਨ ਦੀ ਗੱਲ ਕਹੀ। ਪਰ ਇਸ ਸਭ ਵਿਚਾਲੇ ਯੁਵਰਾਜ ਸਿੰਘ ਨੇ ਆਪਣੇ ਬੱਲੇ ਦੀ ਅੱਗ ਬੁਝਣ ਨਹੀਂ ਦਿੱਤੀ। 

  

ਕ੍ਰਿਕਟਰ ਯੁਵਰਾਜ ਸਿੰਘ ਚਾਹੇ ਇਨ੍ਹੀਂ ਦਿਨੀ ਟੀਮ ਇੰਡੀਆ ਤੋਂ ਬਾਹਰ ਚਲ ਰਹੇ ਹਨ। ਪਰ ਫਿਰ ਵੀ ਮੈਦਾਨ ਅਤੇ ਕ੍ਰਿਕਟ ਦੀ ਦੁਨੀਆ 'ਚ ਉਨ੍ਹਾਂ ਦੇ ਨਾਮ ਦਾ ਖੂਬ ਚਰਚਾ ਹੋ ਰਿਹਾ ਹੈ। ਗੇਂਦਬਾਜ਼ ਹੁਣ ਵੀ ਯੁਵਰਾਜ ਸਿੰਘ ਦਾ ਵਿਕਟ ਹਾਸਿਲ ਕਰਨ ਲਈ ਤਰਸ ਰਹੇ ਹਨ। ਯੁਵਰਾਜ ਸਿੰਘ ਨੇ ਇਸ ਰਣਜੀ ਸੀਜ਼ਨ 'ਚ ਆਪਣਾ ਦਮਦਾਰ ਫਾਰਮ ਜਾਰੀ ਰਖਦਿਆਂ ਹੈਦਰਾਬਾਦ ਦੇ ਮੈਦਾਨ 'ਤੇ ਵੀ ਧਮਾਕੇਦਾਰ ਪਾਰੀ ਖੇਡੀ। 

  

 

ਯੁਵਰਾਜ ਸਿੰਘ ਨੇ ਉੱਤਰ ਪ੍ਰਦੇਸ਼ ਖਿਲਾਫ ਮੈਚ 'ਚ ਦਮਦਾਰ 85 ਰਨ ਬਣਾ ਕੇ ਰਣਜੀ ਸੀਜ਼ਨ ਦੇ ਆਪਣੇ ਲਾਜਵਾਬ ਪ੍ਰਦਰਸ਼ਨ ਨੂੰ ਅੱਗੇ ਵਧਾਉਂਦਿਆਂ ਲੀਡਿੰਗ ਸਕੋਰਰ ਦੇ ਤੌਰ 'ਤੇ ਆਪਣੀ ਜਗ੍ਹਾ ਹੋਰ ਮਜਬੂਤ ਕਰ ਲਈ। ਆਪਣੀ ਇਸ ਪਾਰੀ ਦੇ ਨਾਲ ਯੁਵਰਾਜ ਸਿੰਘ ਰਣਜੀ ਟਰਾਫੀ ਦੇ ਇਸ ਸੀਜ਼ਨ ਦੇ ਹਾਈਐਸਟ ਸਕੋਰਰ ਬਣ ਗਏ ਹਨ। ਹੁਣ ਯੁਵਰਾਜ ਸਿੰਘ ਦੇ ਖਾਤੇ 'ਚ ਕੁਲ 672 ਰਨ ਹਨ। ਯੁਵਰਾਜ ਸਿੰਘ ਨੇ ਇਸ ਰਣਜੀ ਸੀਜ਼ਨ 'ਚ ਕੁਲ 1044 ਗੇਂਦਾਂ ਦਾ ਸਾਹਮਣਾ ਕੀਤਾ ਹੈ ਅਤੇ ਇਸ ਦੌਰਾਨ 64.36 ਦੇ ਸਟ੍ਰਾਈਕ ਰੇਟ 'ਤੇ ਰਨ ਬਣਾਏ ਹਨ। ਯੁਵਰਾਜ ਸਿੰਘ ਦੀ ਔਸਤ 84.00 ਦੀ ਹੈ। ਯੁਵੀ ਨੇ ਇਸ ਸੀਜਨ 'ਚ ਕੁਲ 79 ਚੌਕੇ ਅਤੇ 8 ਛੱਕੇ ਜੜੇ ਹਨ। 

  

 

ਯੁਵੀ ਨੇ ਹੈਦਰਾਬਾਦ ਖਿਲਾਫ ਖੇਡੀ 85 ਰਨ ਦੀ ਪਾਰੀ ਦੌਰਾਨ 130 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਇਸ ਪਾਰੀ 'ਚ 10 ਚੌਕੇ ਅਤੇ 1 ਛੱਕਾ ਸ਼ਾਮਿਲ ਸੀ। 

  

 

ਯੁਵਰਾਜ ਸਿੰਘ ਦੇ ਬੱਲੇ ਦੀ ਦਹਾੜ ਨੇ ਟੀਮ ਇੰਡੀਆ ਦੇ ਸਿਲੈਕਟਰਸ ਨੂੰ ਵੀ ਸੋਚਣ 'ਤੇ ਮਜਬੂਰ ਕਰ ਦਿੱਤਾ ਹੈ ਕਿ ਹੁਣ ਯੁਵੀ ਦੀ ਟੀਮ ਇੰਡੀਆ 'ਚ ਵਾਪਸੀ ਕਰਵਾਈ ਜਾ ਸਕਦੀ ਹੈ। ਇਸੇ ਸੀਜਨ 'ਚ ਲਗਭਗ 10 ਦਿਨ ਪਹਿਲਾਂ ਦਿੱਲੀ 'ਚ ਪੰਜਾਬ ਅਤੇ ਬੜੋਦਾ ਵਿਚਾਲੇ ਖੇਡੇ ਗਏ ਰਣਜੀ ਟਰਾਫੀ ਮੈਚ 'ਚ ਯੁਵਰਾਜ ਸਿੰਘ ਨੇ ਦੋਹਰਾ ਸੈਂਕੜਾ ਠੋਕਿਆ। ਯੁਵਰਾਜ ਸਿੰਘ ਨੇ 260 ਰਨ ਦੀ ਪਾਰੀ ਖੇਡੀ ਸੀ। ਇਹ ਯੁਵਰਾਜ ਸਿੰਘ ਦਾ ਪਹਿਲਾ ਦਰਜਾ ਕ੍ਰਿਕਟ ਦਾ ਸਭ ਤੋਂ ਵੱਡਾ ਸਕੋਰ ਹੈ। ਇਸਤੋਂ ਪਹਿਲਾਂ ਯੁਵੀ ਦਾ ਬੈਸਟ ਸਕੋਰ 209 ਰਨ ਦਾ ਸੀ। ਯੁਵਰਾਜ ਸਿੰਘ ਨੇ 370 ਗੇਂਦਾਂ 'ਤੇ 260 ਰਨ ਦੀ ਪਾਰੀ ਖੇਡੀ। ਯੁਵੀ ਦੀ ਪਾਰੀ 'ਚ 26 ਚੌਕੇ ਅਤੇ 4 ਛੱਕੇ ਸ਼ਾਮਿਲ ਸਨ। ਯੁਵੀ ਨੇ ਮੌਜੂਦਾ ਸੀਜਨ 'ਚ 5 ਮੈਚਾਂ ਦੀਆਂ 8 ਪਾਰੀਆਂ 'ਚ 2 ਸੈਂਕੜੇ ਅਤੇ 2 ਅਰਧ-ਸੈਂਕੜੇ ਠੋਕੇ ਹਨ। 

  

 

ਇਸ ਰਣਜੀ ਸੀਜ਼ਨ 'ਚ ਯੁਵਰਾਜ ਸਿੰਘ ਦਾ ਬੱਲਾ ਖੂਬ ਰਨ ਬਰਸਾ ਰਿਹਾ ਹੈ। ਅਤੇ ਯੁਵੀ ਦੇ ਫੈਨਸ ਇਹੀ ਉਮੀਦ ਕਰ ਰਹੇ ਹਨ ਕਿ ਯੁਵੀ ਦੀ ਇਹ ਫਾਰਮ ਜਾਰੀ ਰਹੇ।