ਰਿਓ ਓਲੰਪਿਕਸ 'ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਪੀ.ਵੀ. ਸਿੰਧੂ ਨੂੰ ਜਿਸ ਜਿੱਤ ਦੀ ਭਾਲ ਸੀ ਓਹ ਜਿੱਤ ਉਸਨੂੰ ਮਿਲ ਗਈ ਹੈ। ਸਿੰਧੂ ਨੇ ਚੀਨ ਓਪਨ 'ਚ ਜਿੱਤ ਦਰਜ ਕੀਤੀ ਹੈ। ਫਾਈਨਲ ਮੈਚ 'ਚ ਸਿੰਧੂ ਨੇ ਚੀਨ ਦੀ ਸੁਨ ਯੂ ਨੂੰ ਮਾਤ ਦਿੱਤੀ।
ਕਿਵੇਂ ਜਿੱਤਿਆ ਮੈਚ
ਖਿਤਾਬੀ ਮੈਚ 'ਚ ਸਿੰਧੂ ਅਤੇ ਸੁਨ ਯੂ ਵਿਚਾਲੇ ਰੋਮਾਂਚਕ ਟੱਕਰ ਵੇਖਣ ਨੂੰ ਮਿਲੀ। ਸਿੰਧੂ ਨੇ ਪਹਿਲਾ ਗੇਮ ਜਿੱਤਿਆ ਪਰ ਫਿਰ ਚੀਨ ਦੀ ਖਿਡਾਰਨ ਨੇ ਮੈਚ 'ਚ ਵਾਪਸੀ ਕੀਤੀ। ਜਲਦੀ ਹੀ ਸਿੰਧੂ ਨੇ ਆਪਣਾ ਦਮਦਾਰ ਖੇਡ ਵਿਖਾਉਂਦਿਆਂ ਮੈਚ 'ਚ ਵਾਪਸੀ ਕੀਤੀ ਅਤੇ ਆਖਰੀ ਗੇਮ ਜਿੱਤ ਮੈਚ ਆਪਣੇ ਨਾਮ ਕਰ ਲਿਆ। ਸਿੰਧੂ ਨੇ ਇਹ ਮੈਚ 21-11, 17-21, 21-11 ਦੇ ਫਰਕ ਨਾਲ ਜਿੱਤਿਆ। ਇਹ ਸਿੰਧੂ ਦਾ ਪਹਿਲਾ ਸੁਪਰ ਸੀਰੀਜ਼ ਖਿਤਾਬ ਹੈ। ਇਸਤੋਂ ਪਹਿਲਾਂ ਸਾਲ 2014 'ਚ ਸਾਇਨਾ ਨਹਿਵਾਲ ਨੇ ਇਹ ਖਿਤਾਬ ਆਪਣੇ ਨਾਮ ਕੀਤਾ ਸੀ।
ਹੌਂਸਲਾ 7ਵੇਂ ਆਸਮਾਨ 'ਤੇ
ਸੈਮੀਫਾਈਨਲ 'ਚ ਸਿੰਧੂ ਨੇ ਸ਼ਨੀਵਾਰ ਨੂੰ ਕੋਰੀਆ ਦੀ ਸੁੰਗ ਜੀ ਹਿਯੂੰਗ ਨੂੰ ਮਾਤ ਦਿੱਤੀ ਸੀ। 1 ਘੰਟਾ 24 ਮਿਨਟ ਤਕ ਚੱਲੇ ਇਸ ਮੈਚ 'ਚ ਸਿੰਧੂ ਨੇ 11-21, 23-21, 21-19 ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਇਸ ਦਮਦਾਰ ਜਿੱਤ ਤੋਂ ਬਾਅਦ ਸਿੰਧੂ ਦਾ ਹੌਂਸਲਾ 7ਵੇਂ ਆਸਮਾਨ 'ਤੇ ਹੈ। ਸਿੰਧੂ ਲਈ ਇਹ ਸਾਲ ਦੀ ਦੂਜੀ ਵੱਡੀ ਜਿੱਤ ਹੈ।