ਹੋਬਾਰਟ - ਦਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਹੋਬਾਰਟ 'ਚ ਸ਼ਨੀਵਾਰ ਤੋਂ ਸ਼ੁਰੂ ਹੋਏ ਦੂਜੇ ਟੈਸਟ ਮੈਚ 'ਚ ਤੀਜੇ ਦਿਨ ਅਫਰੀਕੀ ਟੀਮ ਨੇ ਆਪਣੀ ਸਥਿਤੀ ਬੇਹਦ ਮਜਬੂਤ ਕਰ ਲਈ। ਅਫਰੀਕੀ ਟੀਮ ਨੇ ਪਹਿਲਾਂ 241 ਰਨ ਦੀ ਲੀਡ ਹਾਸਿਲ ਕੀਤੀ ਅਤੇ ਫਿਰ ਆਸਟ੍ਰੇਲੀਆ ਨੂੰ 2 ਝਟਕੇ ਵੀ ਦੇ ਦਿੱਤੇ। 

 
  

 

ਦਖਣੀ ਅਫਰੀਕਾ - 326 ਆਲ ਆਊਟ 

 

ਦਖਣੀ ਅਫਰੀਕਾ ਦੀ ਟੀਮ ਨੇ ਮੈਚ ਦੇ ਤੀਜੇ ਦਿਨ 171/5 ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਬਾਵੂਮਾ ਅਤੇ ਡੀ ਕਾਕ ਨੇ ਮਿਲਕੇ ਅਫਰੀਕੀ ਟੀਮ ਨੂੰ 276 ਰਨ ਤਕ ਪਹੁੰਚਾ ਦਿੱਤਾ। ਡੀ ਕਾਕ ਨੇ ਸੈਂਕੜਾ ਜੜਿਆ ਜਦਕਿ ਬਾਵੂਮਾ ਨੇ 74 ਰਨ ਦੀ ਪਾਰੀ ਖੇਡੀ। ਅਫਰੀਕੀ ਟੀਮ ਪਹਿਲੀ ਪਾਰੀ 'ਚ 326 ਰਨ 'ਤੇ ਆਲ ਆਊਟ ਹੋਈ। ਦਖਣੀ ਅਫਰੀਕਾ ਨੂੰ ਪਹਿਲੀ ਪਾਰੀ 'ਚ 241 ਰਨ ਦੀ ਵੱਡੇ ਲੀਡ ਹਾਸਿਲ ਹੋਈ। 

  

 

ਡੀ ਕਾਕ ਦਾ ਧਮਾਕਾ 

 

ਦਖਣੀ ਅਫਰੀਕਾ ਲਈ ਕਵਿੰਟਨ ਡੀ ਕਾਕ ਨੇ ਦਮਦਾਰ ਪਾਰੀ ਖੇਡੀ। ਡੀ ਕਾਕ ਨੇ 17 ਚੌਕਿਆਂ ਦੀ ਮਦਦ ਨਾਲ 143 ਗੇਂਦਾਂ 'ਤੇ 104 ਰਨ ਬਣਾਏ। ਡੀ ਕਾਕ ਨੇ ਬਾਵੂਮਾ ਨਾਲ ਮਿਲਕੇ 6ਵੇਂ ਵਿਕਟ ਲਈ 144 ਰਨ ਦੀ ਪਾਰਟਨਰਸ਼ਿਪ ਵੀ ਕੀਤੀ। ਡੀ ਕਾਕ ਦੇ ਸੈਂਕੜੇ ਆਸਰੇ ਅਫਰੀਕੀ ਟੀਮ ਨੂੰ ਪਹਿਲੀ ਪਾਰੀ 'ਚ ਵੱਡੀ ਲੀਡ ਹਾਸਿਲ ਹੋਈ। 

  

 

ਆਸਟ੍ਰੇਲੀਆ - 121/2 

 

ਅਫਰੀਕੀ ਟੀਮ ਦੇ ਲੀਡ ਹਾਸਿਲ ਕਰਨ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆ ਦੀ ਟੀਮ ਨੂੰ ਪਹਿਲਾ ਝਟਕਾ ਜਲਦੀ ਹੀ ਲੱਗਾ। ਪਹਿਲੇ ਹੀ ਓਵਰ 'ਚ ਐਬੌਟ ਨੇ ਬਿਨਾ ਖਾਤਾ ਖੋਲੇ ਜੋ ਬਰਨਸ ਦਾ ਵਿਕਟ ਹਾਸਿਲ ਕਰ ਲਿਆ। ਵਾਰਨਰ (45) ਅਤੇ ਖਵਾਜਾ ਨੇ ਮਿਲਕੇ ਦੂਜੇ ਵਿਕਟ ਲਈ 79 ਰਨ ਜੋੜੇ। ਖਵਾਜਾ ਨੇ ਅਰਧ-ਸੈਂਕੜਾ ਜੜਿਆ ਅਤੇ ਦਿਨ ਦਾ ਖੇਡ ਖਤਮ ਹੋਣ ਤਕ 56 ਰਨ ਬਣਾ ਕੇ ਨਾਬਾਦ ਰਹੇ। ਕਪਤਾਨ ਸਮਿਥ 18 ਰਨ ਬਣਾ ਕੇ ਮੈਦਾਨ 'ਤੇ ਡਟੇ ਹੋਏ ਸਨ।