ਕੋਲੰਬੋ: ਸ਼੍ਰੀਲੰਕਾ ਟੀਮ ਦੇ ਆਲਰਾਊਂਡਰ ਥਿਸਾਰਾ ਪਰੇਰਾ ਨੇ ਅਜਿਹਾ ਕਾਰਨਾਮਾ ਕੀਤਾ ਜੋ ਹੁਣ ਤੱਕ ਉਸ ਦੀ ਟੀਮ ਦਾ ਕੋਈ ਬੱਲੇਬਾਜ਼ ਨਹੀਂ ਕਰ ਪਾਇਆ। ਥਿਸਾਰਾ ਪਰੇਰਾ ਛੇ ਗੇਂਦਾਂ ਯਾਨੀ ਕਿ ਇੱਕ ਓਵਰ ਵਿੱਚ ਛੇ ਛੱਕੇ ਮਾਰਨ ਵਾਲੇ ਪਹਿਲੇ ਸ਼੍ਰੀਲੰਕਾਈ ਬੱਲੇਬਾਜ਼ ਬਣ ਗਏ ਹਨ। ਥਿਸਾਰਾ ਨੇ ਐਤਵਾਰ ਨੂੰ ਸ਼੍ਰੀਲੰਕਾ ਵੱਲੋਂ ਕ੍ਰਿਕੇਟ ਦੀ ਕਿਸੇ ਵੀ ਸ਼੍ਰੇਣੀ ਵਿੱਚ ਇਹ ਪਹਿਲਾ ਕਾਰਨਾਮਾ ਕੀਤਾ ਹੈ। ਸਿਰਫ ਇਹੋ ਨਹੀਂ, ਉਸ ਨੇ ਦੂਜੀ ਸਭ ਤੋਂ ਤੇਜ਼ ਫਿਫਟੀ ਜੜਨ ਦਾ ਕਾਰਨਾਮਾ ਵੀ ਕਰ ਦਿਖਾਇਆ।


ਥਿਸਾਰਾ ਨੇ ਸਿਰਫ 13 ਗੇਂਦਾਂ ਵਿੱਚ 52 ਦੌੜਾਂ ਬਣਾਈਆਂ, ਜਿਸ ਵਿੱਚੋਂ 36 ਦੌੜਾਂ ਸਿਰਫ ਇੱਕੋ ਓਵਰ ਵਿੱਚ ਹਾਸਲ ਕਰ ਲਈਆਂ। ਐਸਐਲਸੀ ਮੇਜਰ ਕਲੱਬ ਟੂਰਨਾਮੈਂਟ ਵਿੱਚ ਆਰਮੀ ਕ੍ਰਿਕੇਟ ਕਲੱਬ ਲਈ ਖੇਡਦਿਆਂ ਥਿਸਾਰਾ ਪਰੇਰਾ ਨੇ ਲਿਸਟ ਏ ਕ੍ਰਿਕੇਟ ਵਿੱਚ ਉਕਤ ਰਿਕਾਰਡ ਕਾਇਮ ਕੀਤੇ। ਹਾਲਾਂਕਿ, ਸਭ ਤੋਂ ਤੇਜ਼ 50 ਦੌੜਾਂ ਪੂਰੀਆਂ ਕਰਨ ਦਾ ਕਾਰਨਾਮਾ ਸ਼੍ਰੀਲੰਕਾ ਦੇ ਕੌਸ਼ਲਿਆ ਵਾਰਾਰਤਨੇ ਨੇ ਕੀਤਾ ਹੈ। ਉਸ ਨੇ ਸਿਰਫ 12 ਗੇਂਦਾਂ ਵਿੱਚ ਹੀ ਅਰਧ ਸੈਂਕੜਾ ਬਣਾਇਆ ਸੀ।


 



 


ਸ਼੍ਰੀਲੰਕਾ ਆਰਮੀ ਸਪੋਰਟਸ ਕਲੱਬ ਦੀ ਅਗਵਾਈ ਕਰਨ ਵਾਲੇ ਪਰੇਰਾ ਨੰਬਰ ਪੰਜ 'ਤੇ ਮੈਦਾਨ ਵਿੱਚ ਉੱਤਰੇ। ਜਦ ਉਹ ਮੈਦਾਨ ਵਿੱਚ ਆਏ ਤਾਂ ਸਿਰਫ 20 ਗੇਂਦਾਂ ਹੀ ਬਾਕੀ ਰਹਿੰਦੀਆਂ ਸਨ। ਦੂਜੇ ਪਾਸੇ ਬਲੂਮਫੀਲਡ ਕ੍ਰਿਕੇਟ ਤੇ ਅਥਲੈਟਿਕ ਕਲੱਬ ਦੇ ਦਿਲਹਨ ਕੂਰੇ ਗੇਂਦਬਾਜ਼ੀ ਕਰ ਰਹੇ ਸਨ। ਫਿਰਕੀ ਗੇਂਦਬਾਜ਼ ਕੂਰੇ ਨੂੰ ਸ਼ਾਇਦ ਪਤਾ ਨਹੀਂ ਹੋਣਾ ਕਿ ਉਨ੍ਹਾਂ ਦਾ ਇਹ ਓਵਰ ਬੇਹੱਦ ਖ਼ਰਾਬ ਰਹਿਣ ਵਾਲਾ ਹੈ। ਪਰੇਰਾ ਦੀ ਧੂੰਆਂਧਾਰ ਬੱਲੇਬਾਜ਼ੀ ਸਦਕਾ ਉਨ੍ਹਾਂ ਦੀ ਟੀਮ ਨੇ ਵਿਰੋਧੀ ਟੀਮ ਨੂੰ 318 ਦੌੜਾਂ ਦਾ ਟੀਚਾ ਦਿੱਤਾ।


ਇਸ ਦੇ ਜਵਾਬ ਵਿੱਚ ਬਲੂਮਫੀਲਡ ਟੀਮ ਛੇ ਵਿਕਟਾਂ ਵਿੱਚ ਸਿਰਫ 73 ਦੌੜਾਂ ਹੀ ਬਣਾ ਸਕੀ। ਸਾਲ 2021 ਵਿੱਚ ਵੈਸਟਇੰਡੀਜ਼ ਦੀ ਟੀ20 ਕੌਮਾਂਤਰੀ ਟੀਮ ਦੇ ਕਪਤਾਨ ਕਿਰੋਨ ਪੋਲਾਰਡ ਤੋਂ ਬਾਅਦ ਪਰੇਰਾ ਅਜਿਹਾ ਕਾਰਨਾਮਾ ਕਰਨ ਵਾਲੇ ਦੂਜੇ ਬੱਲੇਬਾਜ਼ ਹਨ। ਹਾਲਾਂਕਿ, ਇੱਕ ਓਵਰ ਵਿੱਚ ਛੇ ਛੱਕੇ ਮਾਰਨ ਵਾਲੇ ਉਹ ਨੌਵੇਂ ਬੱਲੇਬਾਜ਼ ਹਨ। ਉਨ੍ਹਾਂ ਤੋਂ ਪਹਿਲਾਂ ਗਾਰਫੀਲਡ ਸੋਬਰਜ਼, ਰਵੀ ਸ਼ਾਸ਼ਤਰੀ, ਹਰਸ਼ਲ ਗਿਬਜ਼, ਯੁਵਰਾਜ ਸਿੰਘ, ਰੌਸ ਵਿਟਲੇ, ਹਜ਼ਰਤੁੱਲ੍ਹਾ ਜ਼ਜ਼ਾਈ, ਲੀਓ ਕਾਰਟਰ ਅਤੇ ਪੋਲਾਰਡ ਦੇ ਨਾਂਅ ਦਰਜ ਹਨ।