ਪੁਣੇ: ਭਾਰਤੀ ਕ੍ਰਿਕੇਟ ਟੀਮ ਨੇ ਇੰਗਲੈਂਡ ਦੇ ਤੀਜੇ ਇੱਕ ਦਿਨਾ (Ind vs Eng 3rd ODI) ਵਿੱਚ ਐਤਵਾਰ ਰਾਤ ਨੂੰ ਸੱਤ ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਮੇਜ਼ਬਾਨ ਟੀਮ ਨੇ ਇੱਕ ਦਿਨਾ ਲੜੀ ਵੀ 2-1 ਨਾਲ ਜਿੱਤ ਲਈ। ਮੁਕਾਬਲੇ ਵਿੱਚ ਸੈਮ ਕਰੇਨ (Sam Curran) ਨੇ ਭਾਰਤ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਸੀ ਪਰ ਗੇਂਦਬਾਜ਼ਾਂ ਨੇ ਉਨ੍ਹਾਂ ਨੂੰ ਜਿੱਤ ਤੋਂ ਦੂਰ ਹੀ ਰੱਖਿਆ। ਜਦ ਮੈਚ ਮਗਰੋਂ ਇੰਗਲੈਂਡ ਦੇ ਕਪਤਾਨ ਜੋਸ ਬਟਲਰ (Jos Buttler) ਤੋਂ ਸੈਮ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬੱਲੇਬਾਜ਼ ਵਿੱਚ ਮਹੇਂਦਰ ਸਿੰਘ ਧੋਨੀ (Mahendra Singh Dhoni) ਦੀ ਝਲਕ ਦਿਖਾਈ ਦਿੱਤੀ। ਅਜਿਹੀ ਹੀ ਚਰਚਾ ਸੋਸ਼ਲ ਮੀਡੀਆ ਉੱਪਰ ਵੀ ਛਿੜੀ ਹੋਈ ਹੈ। 


ਜ਼ਿਕਰਯੋਗ ਹੈ ਕਿ ਭਾਰਤ ਖ਼ਿਲਾਫ਼ ਖੇਡਦਿਆਂ ਇੰਗਲੈਂਡ ਦੇ ਬੱਲੇਬਾਜ਼ ਸੈਮ ਕਰੇਨ ਪੂਰਾ ਜ਼ੋਰ ਲਾਇਆ, ਜਿਵੇਂ ਕਿ ਸ਼ਾਨਦਾਰ ਫਿਨਿਸ਼ਰ ਵਜੋਂ ਭਾਰਤ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਜਾਣੇ ਜਾਂਦੇ ਹਨ। ਸੈਮ ਨੇ ਅੰਤ ਤੱਕ ਇੰਗਲੈਂਡ ਦੀ ਜਿੱਤ ਦੀ ਉਮੀਦ ਜਗਾਈ ਰੱਖੀ। ਮਹਿਮਾਨ ਟੀਮ 200 ਦੌੜਾਂ 'ਤੇ ਸੱਤ ਵਿਕਟਾਂ ਗੁਆ ਚੁੱਕੀ ਸੀ ਅਤੇ ਜਿੱਤ ਲਈ ਉਸ ਨੂੰ 130 ਦੌੜਾਂ ਹੋਰ ਚਾਹੀਦੀਆਂ ਸਨ। ਅਜਿਹੇ ਵਿੱਚ ਹਰ ਕੋਈ ਇੰਗਲੈਂਡ ਹੱਥੋਂ ਮੈਚ ਗਿਆ ਸਮਝ ਰਿਹਾ ਸੀ ਪਰ ਸੈਮ ਨੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨਾਲ ਸਕੋਰ ਅੱਗੇ ਵਧਾਇਆ ਅਤੇ ਅੰਤ ਤੱਕ ਡਟੇ ਰਹੇ। 


 






 


330 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਨੇ 9 ਵਿਕਟਾਂ ਗੁਆ ਕੇ 322 ਦੌੜਾਂ ਤਾਂ ਜੋੜ ਲਈਆਂ ਪਰ ਗੇਂਦਾਂ ਖ਼ਤਮ ਹੋਣ ਕਾਰਨ ਸਿਰਫ ਟੀਚੇ ਤੋਂ ਸਿਰਫ 8 ਦੌੜਾਂ ਦੂਰ ਰਹਿ ਗਈ। ਭਾਰਤ ਦੇ ਗੇਂਦਬਾਜ਼ ਸ਼ਾਰਦੁਲ ਠਾਕੁਰ ਨੇ ਸਭ ਤੋਂ ਵੱਧ ਚਾਰ ਵਿਕਟਾਂ ਹਾਸਲ ਕੀਤੀਆਂ ਜਦਕਿ ਭੁਵਨੇਸ਼ਵਰ ਕੁਮਾਰ ਨੂੰ ਤਿੰਨ ਵਿਕਟਾਂ ਮਿਲੀਆਂ। ਸੈਮ ਨੂੰ ਉਨ੍ਹਾਂ ਦੀ ਝੁਜਾਰੂ ਪਾਰੀ ਲਈ ਮੈਨ ਆਫ਼ ਦਿ ਮੈਚ ਚੁਣਿਆ ਗਿਆ।


ਪੁਣੇ ਦੇ ਐਮਸੀਏ ਸਟੇਡੀਅਮ ਵਿੱਚ ਭਾਰਤੀ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇੱਕ ਵਾਰ ਫਿਰ 300 ਤੋਂ ਵੱਧ ਦੌੜਾਂ ਬਣਾਈਆਂ। ਭਾਰਤੀ ਪਾਰੀ 48.2 ਓਵਰਾਂ 329 ਦੌੜਾਂ ਜੋੜਨ ਵਿੱਚ ਸਫਲ ਰਹੀ। ਟੀਮ ਇੰਡੀਆ ਨੂੰ ਰੋਤ ਸ਼ਰਮਾ (37) ਅਤੇ ਸ਼ਿਖਰ ਧਵਨ (67) ਨੇ ਸ਼ਾਨਦਾਰ ਸ਼ੁਰੂਆਤ ਦਿੱਤੀ ਅਤੇ ਪਹਿਲੇ ਵਿਕੇਟ ਲਈ 103 ਦੌੜਾਂ ਦੀ ਸਾਂਝੇਦਾਰੀ ਕਾਇਮ ਕੀਤੀ। ਫਿਰ ਵਿਕੇਟਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ (78) ਨੇ ਆਪਣਾ ਇੱਕ ਦਿਨਾ ਕਰੀਅਰ ਦਾ ਸਰਵੋਤਮ ਸਕੋਰ ਬਣਾਇਆ ਅਤੇ ਹਾਰਦਿਕ ਪੰਡਿਆ (64) ਨਾਲ ਪੰਜਵੀਂ ਵਿਕਟ ਲਈ 99 ਦੌੜਾਂ ਜੋੜੀਆਂ। ਇੰਗਲੈਂਡ ਦੇ ਪੇਸਰ ਮਾਰਕ ਵੁੱਡ ਨੇ ਸਭ ਤੋਂ ਵੱਧ ਤਿੰਨ ਵਿਕੇਟ ਹਾਸਲ ਕੀਤੇ।