IND vs AUS: ਇਤਿਹਾਸਿਕ ਜਿੱਤ ਤੋਂ ਸਿਰਫ ਦੋ ਵਿਕਟਾਂ ਦੂਰ ਹੈ ਭਾਰਤ
ਏਬੀਪੀ ਸਾਂਝਾ | 29 Dec 2018 02:58 PM (IST)
ਚੰਡੀਗੜ੍ਹ: ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਦੂਜੀ ਪਾਰੀ ਵਿੱਚ ਭਾਰਤ ਨੇ ਬਾਕਸਿੰਗ ਡੇਅ ਟੈਸਟ ’ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਟੀਮ ਇੰਡੀਆ ਨੇ ਤੀਜੇ ਟੈਸਟ ਦੇ ਚੌਥੇ ਦਿਨ ਦੂਜੀ ਪਾਰੀ ਵਿੱਚ ਆਸਟ੍ਰੇਲੀਆਈ ਟੀਮ ਦੀਆਂ 258 ਦੌੜਾਂ ਤਕ 8 ਵਿਕਟਾਂ ਝਟਕਾ ਕੇ ਮੈਚ ’ਤੇ ਸ਼ਿਕੰਜਾ ਕੱਸ ਲਿਆ ਹੈ। ਹੁਣ ਭਾਰਤ ਸੀਰੀਜ਼ ਵਿੱਚ 2-1 ਦੀ ਲੀਡ ਲਈ ਸਿਰਫ ਦੋ ਵਿਕਟ ਦੂਰ ਹੈ। ਟੈਸਟ ਮੈਚ ਦੇ ਤੀਜੇ ਦਿਨ ਭਾਰਤੀ ਟੀਮ ਨੇ ਆਸਟ੍ਰੇਲੀਆ ਸਾਹਮਣੇ 399 ਦੌੜਾਂ ਦਾ ਟੀਚਾ ਰੱਖਿਆ ਜਿਸ ਦੇ ਜਵਾਬ ਵਿੱਚ ਬੱਲੇਬਾਜ਼ੀ ਕਰਨ ਉੱਤਰੀ ਮੇਜ਼ਬਾਨ ਟੀਮ ਦੀ ਸ਼ੁਰੂਆਤ ਇੱਕ ਵਾਰ ਫਿਰ ਕੁਝ ਚੰਗੀ ਨਹੀਂ ਰਹੀ। 100 ਦੌੜਾਂ ਅੰਦਰ ਹੀ ਆਸਟ੍ਰੇਲੀਆ ਦੀਆਂ ਪਹਿਲੀਆਂ ਤਿੰਨ ਵਿਕਟਾਂ ਡਿੱਗ ਗਈਆਂ ਸੀ। ਸਭ ਤੋਂ ਪਹਿਲਾਂ ਫਿੰਚ (3 ਦੌੜਾਂ) ਉਸ ਦੇ ਬਾਅਦ ਹੈਰਿਸ (13) ਤੇ ਫਿਰ ਖਵਾਜਾ (33) ਤਿੰਨੇ ਸ਼ਮੀ ਦੀ ਗੇਂਦ ਦਾ ਸ਼ਿਕਾਰ ਬਣੇ। ਸ਼ਮੀ ਨੇ ਖਵਾਜਾ ਤੇ ਮਾਰਸ਼ ਵਿਚਾਲੇ ਦੀ ਸਾਂਝੇਦਾਰੀ ਖ਼ਤਮ ਕੀਤੀ। ਮਾਰਸ਼ ਬੁਮਰਾਹ ਹੱਥੋਂ 44 ਦੌੜਾਂ ਦੀ ਪਾਰੀ ਖੇਡ ਕੇ ਆਊਟ ਹੋ ਗਿਆ। ਥੋੜ੍ਹੀ ਦੇਰ ਬਾਅਦ ਜਡੇਜਾ ਦੀ ਗੇਂਦ ’ਤੇ ਮਿਸ਼ੇਲ ਵੀ ਆਊਟ ਹੋ ਗਿਆ। 135 ਦੇ ਸਕੋਰ ਤਕ ਲਗਪਗ ਅੱਧੀ ਆਸਟ੍ਰੇਲੀਆਈ ਟੀਮ ਪੈਵੇਲੀਅਨ ਪਰਤ ਗਈ ਸੀ। ਇਸ ਤੋਂ ਬਾਅਦ ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਆਸਟ੍ਰੇਲੀਆਈ ਟੀਮ ਦੀਆਂ ਬਾਕੀ ਬਚੀਆਂ ਤਿੰਨ ਵਿਕਟਾਂ ਵੀ ਝਟਕਾ ਦਿੱਤੀਆਂ। ਪਰ ਟੀਮ ਇੰਡੀਆ ਚਾਹੁੰਦਿਆਂ ਹੋਇਆਂ ਵੀ ਚੌਥੇ ਦਿਨ ਮੈਚ ਖ਼ਤਮ ਨਹੀਂ ਕਰ ਪਾਈ। ਪਾਰੀ ਵਿੱਚ ਆਸਟ੍ਰੇਲੀਆ ਲਈ ਪੇਟ ਕਮਿੰਸ ਨੇ ਅਖੀਰ ਤਕ ਕ੍ਰੀਜ਼ ’ਤੇ ਆਪਣੇ ਪੈਰ ਜਮਾਏ ਹੋਏ ਹਨ। ਅੱਜ ਚੌਥੇ ਦਿਨ ਪਹਿਲਾਂ ਉਸ ਨੇ ਸਟਾਰਕ ਨਾਲ 30 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੇ ਬਾਅਦ ਉਸ ਨੇ ਨਾਥਨ ਲਾਇਨ (6 ਦੌੜਾਂ) ਨਾਲ ਲੋੜੀਂਦੇ 43 ਰਨ ਜੋੜ ਲਏ ਹਨ। ਟੀਮ ਇੰਡੀਆ ਲਈ ਜਿੱਤ ਜ਼ਿਆਦਾ ਮੁਸ਼ਕਲ ਨਹੀਂ ਕਿਉਂਕਿ ਆਖ਼ਰੀ ਦਿਨ ਦੀ ਖੇਡ ਵਿੱਚ ਜਿੱਤ ਲਈ ਭਾਰਤ ਨੂੰ ਸਿਰਫ਼ ਦੋ ਵਿਕਟਾਂ ਚਾਹੀਦੀਆਂ ਹਨ।