ਨਵੀਂ ਦਿੱਲੀ: ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਦੇ ਮਦਨ ਲਾਲ, ਰੁਦਰਾ ਪ੍ਰਤਾਪ ਸਿੰਘ ਤੇ ਸੁਲੱਖਣਾ ਨਾਇਕ ਨੇ ਬੁੱਧਵਾਰ ਨੂੰ ਮੁੰਬਈ ਦੇ ਬੀਸੀਸੀਆਈ ਹੈੱਡਕੁਆਰਟਰ ਵਿੱਚ ਆਲ-ਇੰਡੀਆ ਸੀਨੀਅਰ ਸਿਲੈਕਸ਼ਨ ਕਮੇਟੀ (ਪੁਰਸ਼) ਦੇ ਮੈਂਬਰਾਂ ਦੀ ਚੋਣ ਕਰਨ ਲਈ ਮੁਲਾਕਾਤ ਕੀਤੀ।


ਸੀਏਸੀ ਨੇ ਸੀਨੀਅਰ ਪੁਰਸ਼ਾਂ ਦੀ ਚੋਣ ਕਮੇਟੀ ਦੇ ਪੈਨਲ ਲਈ ਸੁਨੀਲ ਜੋਸ਼ੀ ਤੇ ਹਰਵਿੰਦਰ ਸਿੰਘ ਦੇ ਨਾਂ ਦੀ ਸਿਫਾਰਸ਼ ਕੀਤੀ ਸੀ। ਕਮੇਟੀ ਨੇ ਅੱਗੇ ਸੁਨੀਲ ਜੋਸ਼ੀ ਨੂੰ ਪੁਰਸ਼ਾਂ ਦੀ ਸੀਨੀਅਰ ਸਿਲੈਕਸ਼ਨ ਕਮੇਟੀ ਦੇ ਚੇਅਰਮੈਨ ਦੀ ਭੂਮਿਕਾ ਲਈ ਸਿਫਾਰਸ਼ ਕੀਤੀ। ਸੀਏਸੀ ਇੱਕ ਸਾਲ ਦੀ ਮਿਆਦ ਤੋਂ ਬਾਅਦ ਉਮੀਦਵਾਰਾਂ ਦੀ ਸਮੀਖਿਆ ਕਰੇਗੀ ਤੇ ਸੁਝਾਅ ਬੀਸੀਸੀਆਈ ਨੂੰ ਦੇਵੇਗੀ।

ਸੁਨੀਲ ਜੋਸ਼ੀ ਨੇ 1996 ਤੇ 2001 ਦਰਮਿਆਨ 15 ਟੈਸਟ ਤੇ 69 ਵਨਡੇ ਮੈਚ ਖੇਡੇ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਨਵੀਂ ਚੋਣ ਕਮੇਟੀ ਸਿਰਫ ਦੱਖਣੀ ਅਫਰੀਕਾ ਖ਼ਿਲਾਫ਼ ਆਉਣ ਵਾਲੀ ਸੀਰੀਜ਼ ਲਈ ਭਾਰਤ ਦੀ ਵਨਡੇ ਟੀਮ ਦੀ ਚੋਣ ਕਰੇਗੀ ਜੋ 12 ਮਾਰਚ ਤੋਂ ਖੇਡੀ ਜਾਏਗੀ।