T-20 Series: ਵੈਸਟਇੰਡੀਜ਼ ਖਿਲਾਫ ਘਰੇਲੂ ਸੀਰੀਜ਼ 'ਚ 3-0 ਨਾਲ ਕਲੀਨ ਸਵੀਪ ਕਰਨ ਤੋਂ ਬਾਅਦ ਭਾਰਤ ਆਈਸੀਸੀ ਪੁਰਸ਼ਾਂ ਦੀ ਟੀ-20 ਅੰਤਰਰਾਸ਼ਟਰੀ ਟੀਮ ਰੈਂਕਿੰਗ 'ਚ ਸਿਖਰ 'ਤੇ ਪਹੁੰਚ ਗਈ ਹੈ। ਭਾਰਤ ਨੇ ਕੋਲਕਾਤਾ 'ਚ ਐਤਵਾਰ ਨੂੰ ਤੀਜੇ ਤੇ ਆਖਰੀ ਟੀ-20 ਮੈਚ 'ਚ ਵੈਸਟਇੰਡੀਜ਼ ਨੂੰ 17 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ ਕਲੀਨ ਸਵੀਪ ਕਰ ਲਿਆ।



ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਟੀ-20 ਟੀਮ ਰੈਂਕਿੰਗ 'ਚ ਇੰਗਲੈਂਡ ਨੂੰ ਚੋਟੀ ਤੋਂ ਹਟਾਉਣ 'ਚ ਕਾਮਯਾਬ ਰਿਹਾ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਦੀ ਵੀ ਇੰਗਲੈਂਡ ਦੇ ਬਰਾਬਰ 269 ਦੀ ਰੇਟਿੰਗ ਹੈ। ਭਾਰਤ ਅਤੇ ਇੰਗਲੈਂਡ ਦੋਵਾਂ ਦੀਆਂ 39 ਮੈਚਾਂ ਵਿੱਚ 269 ਰੇਟਿੰਗ ਹਨ ਪਰ ਭਾਰਤ ਦੇ 10,484 ਅੰਕ ਹਨ ਜੋ ਇੰਗਲੈਂਡ (10474) ਨਾਲੋਂ 10 ਵੱਧ ਹਨ।

ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਦੇ ਬਿਆਨ ਅਨੁਸਾਰ ਪਾਕਿਸਤਾਨ (ਰੇਟਿੰਗ 266), ਨਿਊਜ਼ੀਲੈਂਡ (255) ਤੇ ਦੱਖਣੀ ਅਫਰੀਕਾ (253) ਚੋਟੀ ਦੇ ਪੰਜ ਵਿੱਚ ਸ਼ਾਮਲ ਹਨ, ਜਦਕਿ ਆਸਟਰੇਲੀਆ (249) ਸ਼੍ਰੀਲੰਕਾ ਵਿਰੁੱਧ 4-1 ਦੀ ਜਿੱਤ ਤੋਂ ਬਾਅਦ ਛੇਵੇਂ ਸਥਾਨ 'ਤੇ ਹੈ।

ਦੱਸ ਦਈਏ ਕਿ ਟੀ-20 ਫਾਰਮੈਟ 'ਚ ਟੀਮ ਇੰਡੀਆ ਨੇ ਪਿਛਲੀਆਂ ਕੁਝ ਸੀਰੀਜ਼ਾਂ 'ਚ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ ਵੈਸਟਇੰਡੀਜ਼ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ 3-0 ਨਾਲ ਹਰਾਇਆ ਸੀ। ਜਦਕਿ ਇਸ ਤੋਂ ਪਹਿਲਾਂ ਸ੍ਰੀਲੰਕਾ, ਇੰਗਲੈਂਡ ਤੇ ਆਸਟ੍ਰੇਲੀਆ ਨੇ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ ਸਨ। ਭਾਰਤ ਨੇ ਬੰਗਲਾਦੇਸ਼ ਨੂੰ ਵੀ ਹਰਾਇਆ ਸੀ। ਦਿਲਚਸਪ ਗੱਲ ਇਹ ਹੈ ਕਿ ਟੀਮ ਇੰਡੀਆ ਨੇ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ।