Tasnim Mir: ਗੁਜਰਾਤ ਦੀ ਬੈਡਮਿੰਟਨ ਖਿਡਾਰਨ ਤਸਨੀਮ ਮੀਰ ਨੇ ਇਤਿਹਾਸ ਰਚ ਦਿੱਤਾ ਹੈ। 16 ਸਾਲਾ ਤਸਨੀਮ ਜੂਨੀਅਰ ਬੈਡਮਿੰਟਨ 'ਚ ਦੁਨੀਆ ਦੀ ਨੰਬਰ 1 ਖਿਡਾਰਨ ਬਣ ਗਈ ਹੈ। ਤਸਨੀਮ ਪਿਛਲੇ ਸਾਲ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨੰਬਰ 1 ਰੈਂਕਿੰਗ 'ਤੇ ਪਹੁੰਚ ਗਈ ਸੀ। ਅਜਿਹਾ ਕਾਰਨਾਮਾ ਕਰਨ ਵਾਲੀ ਉਹ ਦੇਸ਼ ਦੀ ਪਹਿਲੀ ਖਿਡਾਰਨ ਹੈ। ਇੱਥੋਂ ਤੱਕ ਕਿ ਪੀਵੀ ਸਿੰਧੂ, ਸਾਇਨਾ ਨੇਹਵਾਲ ਵਰਗੇ ਅਨੁਭਵੀ ਖਿਡਾਰੀ ਵੀ ਜੂਨੀਅਰ ਪੱਧਰ 'ਤੇ ਕਦੇ ਵੀ ਨੰਬਰ 1 ਨਹੀਂ ਬਣ ਸਕੇ ਸੀ।


ਇਸ ਖਾਸ ਪ੍ਰਾਪਤੀ 'ਤੇ ਤਸਨੀਮ ਨੇ ਕੀ ਕਿਹਾ?


ਤਸਨੀਮ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਕਿਹਾ ਕਿ ਮੈਂ ਇਹ ਨਹੀਂ ਕਹਿ ਸਕਦੀ ਕਿ ਮੈਨੂੰ ਇਹ ਉਮੀਦ ਸੀ। ਮੈਂ ਸੋਚਿਆ ਕਿ ਮੈਂ ਨੰਬਰ 1 ਨਹੀਂ ਬਣ ਸਕਾਂਗੀ ਕਿਉਂਕਿ ਕੋਵਿਡ-19 ਨਾਲ ਟੂਰਨਾਮੈਂਟ ਪ੍ਰਭਾਵਿਤ ਹੋ ਰਹੇ ਹਨ ਪਰ ਮੈਂ ਬੁਲਗਾਰੀਆ, ਫਰਾਂਸ ਤੇ ਬੈਲਜੀਅਮ ਵਿੱਚ ਤਿੰਨ ਈਵੈਂਟ ਜਿੱਤੇ। ਇਸ ਲਈ ਮੈਂ ਸੱਚਮੁੱਚ ਉਤਸ਼ਾਹਿਤ ਤੇ ਖੁਸ਼ ਹਾਂ ਕਿ ਮੈਂ ਆਖਰਕਾਰ ਦੁਨੀਆ ਵਿੱਚ ਨੰਬਰ ਇੱਕ ਬਣ ਗਈ ਹਾਂ। ਇਹ ਮੇਰੇ ਲਈ ਬਹੁਤ ਸ਼ਾਨਦਾਰ ਲਮ੍ਹਾ ਹੈ।


ਉਸ ਨੇ ਅੱਗੇ ਕਿਹਾ ਕਿ ਹੁਣ ਮੈਂ ਸੀਨੀਅਰ ਸਰਕਟ 'ਤੇ ਪੂਰਾ ਧਿਆਨ ਦੇਵਾਂਗੀ ਅਤੇ ਅਗਲੇ ਮਹੀਨੇ ਈਰਾਨ ਤੇ ਯੁਗਾਂਡਾ 'ਚ ਖੇਡਣ ਦੀ ਉਮੀਦ ਰੱਖਾਂਗੀ। ਹੁਣ ਮੇਰਾ ਟੀਚਾ ਆਪਣੀ ਸੀਨੀਅਰ ਰੈਂਕਿੰਗ ਨੂੰ ਸੁਧਾਰਨਾ ਹੈ। ਜੇਕਰ ਮੈਂ ਕੁਝ ਚੰਗੇ ਪ੍ਰਦਰਸ਼ਨ ਨਾਲ ਸਾਲ ਦੇ ਅੰਤ ਤੱਕ ਚੋਟੀ ਦੇ 200 ਵਿੱਚ ਸ਼ਾਮਲ ਹੋ ਸਕਦੀ ਹਾਂ, ਤਾਂ ਇਹ ਬਹੁਤ ਵਧੀਆ ਹੋਵੇਗਾ।


ਦੱਸ ਦਈਏ ਕਿ ਤਸਨੀਮ ਨੇ ਜੋ ਹਾਸਲ ਕੀਤਾ, ਉਹ ਸਿੰਧੂ ਤੇ ਸਾਇਨਾ ਨੇਹਵਾਲ ਵੀ ਹਾਸਲ ਨਹੀਂ ਕਰ ਸਕੇ। ਸਿੰਧੂ ਆਪਣੇ ਅੰਡਰ-19 ਦਿਨਾਂ ਦੌਰਾਨ ਦੁਨੀਆ ਦੀ ਨੰਬਰ ਦੋ ਖਿਡਾਰਨ ਸੀ। ਤੇਲੰਗਾਨਾ ਦੀ ਸਾਮੀਆ ਇਮਾਦ ਫਾਰੂਕੀ ਇਸ ਦੇ ਨੇੜੇ ਆਈ, ਪਰ ਦੂਜੇ ਸਥਾਨ 'ਤੇ ਹੀ ਪਹੁੰਚ ਸਕੀ।



ਇਹ ਵੀ ਪੜ੍ਹੋ: ਸਮੰਥਾ ਤੋਂ ਵੱਖ ਹੋ ਬੋਲੇ ਨਾਗਾ ਚੇਤੰਨਿਆ, ਕਿਹਾ, ਸਹੀ ਫੈਸਲਾ ਸੀ, ਜੇਕਰ ਉਹ ਖੁਸ਼ ਹੈ ਤਾਂ ਮੈਂ ਵੀ…


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904