ਰੀਓ - ਹਾਈ ਜੰਪ 'ਚ ਟੀ-42 ਵਰਗ 'ਚ ਮਰੀਅੱਪਨ ਥੰਗਾਵੇਲੂ ਨੇ ਗੋਲਡ ਮੈਡਲ 'ਤੇ ਕਬਜਾ ਕੀਤਾ। ਥੰਗਾਵੇਲੂ ਨੇ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਪੈਰਾਲਿੰਪਿਕ ਖੇਡਾਂ ਦੇ ਇਤਿਹਾਸ 'ਚ ਇਹ ਭਾਰਤ ਦਾ ਤੀਜਾ ਗੋਲਡ ਮੈਡਲ ਹੈ। 20 ਸਾਲ ਦੇ ਮਰੀਅੱਪਨ ਨੇ 1.89ਮੀਟਰ ਦਾ ਹਾਈ ਜੰਪ ਲਗਾ ਕੇ ਗੋਲਡ ਮੈਡਲ ਜਿੱਤਿਆ। 


  

 

ਮੈਡਲ ਜਿੱਤਣ ਤੋਂ ਬਾਅਦ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਅਤੇ ਕਈ ਹੋਰ ਹਸਤੀਆਂ ਨੇ ਇਸ ਖਿਡਾਰੀ ਦੀ ਤਾਰੀਫ ਕੀਤੀ। ਇੰਨਾ ਹੀ ਨਹੀਂ ਗਰੀਬੀ ਨਾਲ ਜੂਝ ਰਹੇ ਥੰਗਾਵੇਲੂ ਨੂੰ ਕਰੋੜਾਂ ਦੀ ਇਨਾਮੀ ਰਾਸ਼ੀ ਵੀ ਐਲਾਨੀ ਜਾ ਚੁੱਕੀ ਹੈ। ਕੇਂਦਰ ਸਰਕਾਰ ਵੱਲੋਂ ਥੰਗਾਵੇਲੂ ਨੂੰ 75 ਲੱਖ ਰੁਪਏ ਦਾ ਇਨਾਮ ਮਿਲੇਗਾ। ਖਾਸ ਗੱਲ ਇਹ ਹੈ ਕਿ ਤਾਮਿਲਨਾਡੂ ਸਰਕਾਰ ਨੇ ਥੰਗਾਵੇਲੂ ਨੂੰ 2 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। 


  

 

ਜੈਲਲਿਤਾ ਸਰਕਾਰ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਹਾਈ ਜੰਪ 'ਚ ਕਮਾਲ ਕਰਨ ਵਾਲੇ ਥੰਗਾਵੇਲੂ ਦੀ ਤਾਰੀਫ ਕੀਤੀ ਗਈ ਅਤੇ ਉਸਨੂੰ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ। ਥੰਗਾਵੇਲੂ ਨੇ ਆਪਣੇ ਇਲਾਜ ਲਈ 3 ਲੱਖ ਰੁਪਏ ਦਾ ਲੋਨ ਲਿਆ ਜੋ ਅਜੇ ਤਕ ਉਤਾਰਿਆ ਨਹੀ ਹੈ। ਉਨ੍ਹਾਂ ਦਾ ਪਰਿਵਾਰ ਇੱਕ ਕਮਰੇ 'ਚ ਰਹਿੰਦਾ ਹੈ। ਇਸ ਕਮਰੇ 'ਚ ਰਹਿਣ ਦੇ ਉਨ੍ਹਾਂ ਨੂੰ 500 ਰੁਪਏ ਕਿਰਾਇਆ ਦੇਣਾ ਪੈਂਦਾ ਹੈ। ਥੰਗਾਵੇਲੂ ਲਈ ਇਹ ਇਨਾਮੀ ਰਾਸ਼ੀ ਉਨ੍ਹਾਂ ਦੀ ਗਰੀਬੀ ਦੂਰ ਤਾਂ ਕਰੇਗੀ ਹੀ ਨਾਲ ਹੀ ਥੰਗਾਵੇਲੂ ਜਿਹੀ ਕਈ ਖਿਡਾਰੀਆਂ ਨੂੰ ਵੱਡੇ ਕਾਰਨਾਮੇ ਕਰਨ ਦਾ ਹੌਂਸਲਾ ਵੀ ਦਵੇਗੀ।