ਜੰਮੂ: ਅੱਤਵਾਦੀ ਜਥੇਬੰਦੀ ਹਿਜਬੁਲ ਮੁਜ਼ਾਹਿਦੀਨ ਦੇ ਕਮਾਂਡਰ ਰਹੇ ਬੁਰਹਾਨ ਵਾਣੀ ਦੀ ਮੌਤ ਤੋਂ ਬਾਅਦ ਘਾਟੀ 'ਚ ਸ਼ੁਰੂ ਹੋਈ ਹਿੰਸਾ ਦੀ ਅੱਗ ਬੁਝਣ ਦਾ ਨਾਮ ਨਹੀਂ ਲੈ ਰਹੀ। ਬੀਤੇ ਦਿਨ ਵੀ ਵੱਖ ਵੱਖ ਥਾਵਾਂ 'ਤੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ 'ਚ ਹੋਈਆਂ ਝੜਪਾਂ ਦੌਰਾਨ 40 ਲੋਕ ਜ਼ਖਮੀ ਹੋ ਗਏ। ਇਥੋਂ ਦੇ 14 ਪੁਲਿਸ ਥਾਣਿਆਂ ਦੇ ਖੇਤਰਾਂ 'ਚ ਕਰਫਿਊ ਲੱਗਿਆ ਹੋਇਆ ਹੈ। ਜਦਕਿ ਬਾਕੀ ਖੇਤਰਾਂ 'ਚ ਧਾਰਾ 144 ਲਾਗੂ ਹੈ। ਸਰਕਾਰ ਲਗਾਤਾਰ ਹਲਾਤ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਘਾਟੀ 'ਚ ਵਿਗੜ ਰਹੇ ਹਲਾਤਾਂ 'ਤੇ ਕਾਬੂ ਪਾਉਣ ਲਈ ਦੱਖਣੀ ਕਸ਼ਮੀਰ 'ਚ ਫੌਜ ਦੀ ਤਾਇਨਾਤੀ ਲਗਭਗ ਤੈਅ ਹੋ ਗਈ ਹੈ।

 

 

 

 

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਘਾਟੀ 'ਚ ਪਹਿਲਾਂ ਦੇ ਮੁਕਾਬਲੇ ਹਲਾਤਾਂ 'ਤੇ ਬਿਹਤਰ ਕੰਟਰੌਲ ਕਰ ਲਿਆ ਗਿਆ ਹੈ ਤੇ ਆਉਣ ਵਾਲੇ ਦਿਨਾਂ 'ਚ ਸਥਿਤੀ ਪੂਰੀ ਤਰਾਂ ਕੰਟਰੌਲ 'ਚ ਹੋਵੇਗੀ। ਇਸ ਦੌਰਾਨ ਕਸ਼ਮੀਰ 'ਚ ਮੌਜੂਦ ਸੂਤਰਾਂ ਨੇ ਦੱਸਿਆ ਕਿ ਘਾਟੀ 'ਚ ਤਾਇਨਾਤੀ ਲਈ ਹੋਰ ਅਰਧ ਫੌਜੀ ਬਲਾਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਦੱਖਣੀ ਕਸ਼ਮੀਰ 'ਚ ਹੁਣ ਫੌਜ ਦੀ ਤਾਇਨਾਤੀ ਕੀਤੀ ਜਾਵੇਗੀ। ਹਾਲਾਂਕਿ ਫੌਜ ਨੂੰ ਭੀੜ 'ਤੇ ਕਾਬੂ ਪਾਉਣ ਤੋਂ ਰੋਕਿਆ ਗਿਆ ਹੈ। ਕਿਉਂਕਿ ਉਨ੍ਹਾਂ ਕੋਲ ਖਤਰਨਾਕ ਹਥਿਆਰ ਹਨ। ਜਿਸ ਨਾਲ ਜਾਨੀ ਨੁਕਸਾਨ ਹੋ ਸਕਦਾ ਹੈ। ਹਾਲਾਂਕਿ ਫੌਜ ਨੂੰ ਫੌਜੀ ਚੌਂਕੀਆਂ 'ਤੇ ਹਮਲੇ, ਪੱਥਰਬਾਜੀ ਅਤੇ ਆਪਣੀ ਰਾਖੀ ਲਈ ਪੂਰੀ ਛੂਟ ਦਿੱਤੀ ਗਈ ਹੈ।

 

 

 

 

 

ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਕਸ਼ਮੀਰ ਮਸਲੇ ਨੂੰ ਹਲ ਕਰਨ ਲਈ ਕਈ ਪੱਧਰ 'ਤੇ ਲਗਾਤਾਰ ਕੋਸ਼ਿਸ਼ ਕਰਨ ਦੀ ਲੋੜ ਹੈ। ਇਹ ਮਾਮਲਾ ਰਾਤੋ-ਰਾਤ ਹੱਲ ਨਹੀਂ ਹੋ ਸਕਦਾ। ਕਿਉਂਕਿ ਇਹ ਇੱਕ ਜਟਿਲ ਸਮੱਸਿਆ ਹੈ। ਜਿਸਨੂੰ ਮੁੱਖ ਮੰਤਰੀ ਜਾਂ ਪ੍ਰਧਾਨਮੰਤਰੀ ਰਾਤੋਰਾਤ ਸੁਲਝਾ ਨਹੀਂ ਸਕਦੇ ।