ਪੈਰਿਸ - ਸਰਬੀਆ ਦੇ ਨੋਵਾਕ ਜਾਕੋਵਿਚ ਦੀ 122 ਹਫਤੇ ਤਕ ਨੰਬਰ 1 ਦੀ ਬਾਦਸ਼ਾਹਤ ਨੂੰ ਖਤਮ ਕਰਦੇ ਹੋਏ ਬ੍ਰਿਟੇਨ ਦੇ ਟੈਨਿਸ ਸਟਾਰ ਐਂਡੀ ਮਰੇ ਨੇ ਆਪਣੀ ਖੁਸ਼ੀ ਜਾਹਿਰ ਕੀਤੀ। ਐਂਡੀ ਮਰੇ ਨੇ ਨੰਬਰ 1 ਬਣਨ ਤੋਂ ਬਾਅਦ ਕਿਹਾ ਸੀ ਕਿ ਇਹ ਰੈਂਕਿੰਗ ਹਾਸਿਲ ਕਰਨਾ ਬੇਹਦ ਰੋਮਾਂਚਕ ਹੈ। ਪਰ ਖਾਸ ਗੱਲ ਇਹ ਰਹੀ ਕਿ ਚੋਟੀ 'ਤੇ ਪਹੁੰਚਣ ਤੋਂ ਬਾਅਦ ਮਰੇ ਨੇ ਪੈਰਿਸ ਮਾਸਟਰਸ ਦੇ ਖਿਤਾਬ 'ਤੇ ਵੀ ਕਬਜਾ ਕਰ ਲਿਆ। 

  

 

29 ਸਾਲ ਦੇ ਐਂਡੀ ਮਰੇ ਨੇ ਸ਼ਨੀਵਾਰ ਨੂੰ ਮਿਲੋਸ ਰਾਓਨਿਕ ਦੇ ਇੰਜਰੀ ਕਾਰਨ ਸੈਮੀਫਾਈਨਲ ਮੈਚ ਚੋਂ ਹਟਣ ਤੋਂ ਬਾਅਦ ਫਾਈਨਲ 'ਚ ਐਂਟਰੀ ਕਰਦੇ ਹੀ ਨੰਬਰ 1 ਦੀ ਰੈਂਕਿੰਗ 'ਤੇ ਕਬਜਾ ਕਰ ਲਿਆ ਸੀ। ਇਸਤੋਂ ਬਾਅਦ ਖਿਤਾਬੀ ਮੈਚ 'ਚ ਮਰੇ ਦਾ ਸਾਹਮਣਾ ਜੌਨ ਇਸਨਰ ਨਾਲ ਹੋਇਆ। ਮਰੇ ਨੇ ਇਸਨਰ ਨੂੰ 6-3, 6-7, 6-4 ਦੇ ਫਰਕ ਨਾਲ ਮਾਤ ਦੇਕੇ ਖਿਤਾਬੀ ਮੈਚ ਆਪਣੇ ਨਾਮ ਕੀਤਾ। 

  

 

ਮਰੇ ਤੋਂ ਪਹਿਲਾਂ ਜਾਕੋਵਿਚ ਨੇ ਲਗਾਤਾਰ 122 ਹਫਤੇ ਅਤੇ ਕੁਲ 223 ਹਫਤੇ ਤਕ ਨੰਬਰ 1 ਰੈਂਕਿੰਗ 'ਤੇ ਕਬਜਾ ਕੀਤਾ ਹੋਇਆ ਸੀ। ਮਰੇ ਨੇ ਜਾਕੋਵਿਚ ਨੂੰ ਚੋਟੀ ਤੋਂ ਹਟਾ ਖੁਦ ਨੂੰ ਨੰਬਰ 1 'ਤੇ ਪਹੁੰਚਾਉਂਦੇ ਹੋਏ ਕਿਹਾ ਕਿ 'ਮੈਨੂੰ ਨਹੀਂ ਲਗਦਾ ਕਿ ਇਸਤੋਂ ਚੰਗਾ ਕੁਝ ਵੀ ਹੋ ਸਕਦਾ ਹੈ ਕਿ ਤੁਸੀਂ ਜਿਸ ਖੇਡ ਲਈ ਇਨ੍ਹੀਂ ਮਹਿਨਤ ਕੀਤੀ ਹੋਵੇ ਉਸੇ 'ਚ ਤੁਸੀਂ ਨੰਬਰ 1 ਬਣ ਜਾਓ। ਮੈਂ ਆਪਣੇ ਕਰੀਅਰ 'ਚ ਕਈ ਕਾਮਯਾਬੀਆਂ ਹਾਸਿਲ ਕੀਤੀਆਂ ਪਰ ਨੰਬਰ 1 ਬਣਨਾ ਸਭ ਤੋਂ ਅਲਗ ਹੈ। ਇਹ ਸਾਲ ਮੇਰੇ ਲਈ ਚੰਗਾ ਰਿਹਾ ਹੈ।' 

  

 

ਐਂਡੀ ਮਰੇ ਨੇ ਇਸ ਸਾਲ ਕੁਲ 72 ਮੈਚ ਜਿੱਤੇ ਹਨ ਅਤੇ ਓਹ ਪਿਛਲੇ 18 ਮੈਚ ਲਗਾਤਾਰ ਜਿੱਤ ਚੁੱਕੇ ਹਨ।