Tokyo Olympics 2020: ਤੀਰਅੰਦਾਜ਼ੀ ਵਿਚ ਪੁਰਸ਼ ਟੀਮ ਮੁਕਾਬਲੇ ਦੇ ਕੁਆਰਟਰ ਫਾਈਨਲ ਵਿਚ ਭਾਰਤ ਨੂੰ ਨਿਰਾਸ਼ਾਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਅਤਾਨੂੰ ਦਾਸ, ਤਰੁਣਦੀਪ ਰਾਏ ਤੇ ਪ੍ਰਵੀਨ ਜਾਧਵ ਦੀ ਤਿਕੜੀ ਦੱਖਣੀ ਕੋਰੀਆ ਤੋਂ 6-0 ਨਾਲ ਹਾਰ ਕੇ ਓਲੰਪਿਕ ਤੋਂ ਬਾਹਰ ਹੋ ਗਈ।



 

ਕੋਰੀਆ ਦੀ ਟੀਮ ਵਿੱਚ ਸ਼ਾਮਲ ਕਿਮ ਵੂ ਜਿਨ, ਕਿਮ ਜੇ ਡੇਓਕ ਤੇ ਓਨ ਜਿਨ ਯੇਕ ਨੇ ਇਸ ਮੈਚ ਵਿੱਚ ਭਾਰਤੀ ਟੀਮ ਨੂੰ ਕੋਈ ਮੌਕਾ ਨਹੀਂ ਦਿੱਤਾ ਤੇ ਸ਼ੁਰੂ ਤੋਂ ਹੀ ਆਪਣਾ ਦਬਦਬਾ ਕਾਇਮ ਰੱਖਿਆ। ਇਸ ਤੋਂ ਪਹਿਲਾਂ ਸਵੇਰੇ, 1/8 ਐਲੀਮੀਨੇਸ਼ਨ ਗੇੜ ਵਿੱਚ, ਭਾਰਤੀ ਪੁਰਸ਼ ਟੀਮ ਨੇ ਕਜ਼ਾਖ਼ਸਤਾਨ ਨੂੰ 6-2 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ।

 

ਪਹਿਲੇ ਸੈੱਟ ਵਿਚ ਕੋਰੀਆ ਦੀ ਟੀਮ ਨੇ ਸ਼ਾਨਦਾਰ ਤੀਰਅੰਦਾਜ਼ੀ ਦਾ ਪ੍ਰਦਰਸ਼ਨ ਕਰਦਿਆਂ 10, 10, 9, 10, 10, 10 ਸਮੇਤ ਕੁੱਲ 59 ਅੰਕ ਹਾਸਲ ਕੀਤੇ। ਭਾਰਤੀ ਤਿਕੜੀ ਇਸ ਸੈੱਟ ਵਿਚ ਸਿਰਫ 8, 10, 10, 9, 9, 8 ਅੰਕ ਇਕੱਠੀ ਕਰ ਸਕੀ ਤੇ ਪਹਿਲਾ ਸੈੱਟ 59-54 ਨਾਲ ਹਾਰ ਗਈ। ਇਸ ਦੇ ਨਾਲ ਹੀ ਕੋਰੀਆ ਨੇ ਭਾਰਤ ਤੋਂ 2-0 ਨਾਲ ਬੜ੍ਹਤ ਬਣਾ ਲਈ।

 

ਅਗਲੇ ਦੋ ਸੈਟ ਵੀ ਰਹੇ ਇਕ ਪਾਸੜ
ਇਸ ਤੋਂ ਬਾਅਦ, ਅਗਲੇ ਦੋ ਸੈੱਟਾਂ ਵਿੱਚ ਵੀ ਕੋਰੀਆ ਨੇ ਭਾਰਤ ਦੇ ਅਤਾਨੂ ਦਾਸ, ਤਰੁਣਦੀਪ ਰਾਏ ਅਤੇ ਪ੍ਰਵੀਨ ਜਾਧਵ ਉੱਤੇ ਬੜ੍ਹਤ ਬਣਾਈ ਰੱਖੀ। ਦੂਜੇ ਸੈੱਟ ਵਿਚ ਇਕ ਵਾਰ ਫਿਰ ਕੋਰੀਆ ਨੇ 10, 9, 10, 10, 10, 10 ਸਮੇਤ 59 ਅੰਕ ਜੋੜੇ। ਦੂਜੇ ਪਾਸੇ, ਭਾਰਤ ਨੇ ਇਸ ਸੈੱਟ ਵਿਚ ਕੁਝ ਬਿਹਤਰ ਪ੍ਰਦਰਸ਼ਨ ਕਰਦਿਆਂ 9, 10, 10, 10, 10, 8 ਭਾਵ ਕੁੱਲ 57 ਅੰਕ ਬਣਾਏ। ਦੂਜੇ ਸੈੱਟ ਵਿਚ 59-57 ਦੇ ਫਰਕ ਨਾਲ ਜਿੱਤ ਦੇ ਨਾਲ ਕੋਰੀਆ ਦੀ ਟੀਮ ਨੇ ਇਸ ਮੈਚ ਵਿਚ ਭਾਰਤ ਨੂੰ 4-0 ਦੀ ਬੜਤ ਦਿੱਤੀ।

 

ਤੀਜੇ ਸੈੱਟ ਵਿੱਚ ਵੀ ਕੋਰੀਆ ਦੀ ਟੀਮ ਭਾਰਤ ਨਾਲੋਂ ਕਿਤੇ ਬਿਹਤਰ ਸਾਬਤ ਹੋਈ। ਇਸ ਸੈੱਟ ਵਿਚ ਕੋਰੀਆ ਦੀ ਟੀਮ ਨੇ 8, 10, 10, 9, 10, 9 ਦੇ ਸਕੋਰ ਨਾਲ ਕੁੱਲ 56 ਅੰਕ ਪ੍ਰਾਪਤ ਕੀਤੇ। ਭਾਰਤੀ ਤਿਕੜੀ ਇਸ ਸੈੱਟ ਵਿਚ 9, 9, 8, 9, 10, 9 ਦੇ ਸਕੋਰ ਨਾਲ ਸਿਰਫ 54 ਅੰਕ ਇਕੱਠੀ ਕਰ ਸਕੀ ਤੇ ਮੈਚ 6-0 ਨਾਲ ਹਾਰ ਗਈ।