ਰੌਬਟ ਦੀ ਰਿਪੋਰਟ



ਚੰਡੀਗੜ੍ਹ: ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਨੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ ਰਾਹੀਂ ਸਿੱਧੂ ਨੂੰ ਵਧਾਈ ਦਿੰਦੇ ਹੋਏ PSGPC ਨੇ ਇਹ ਵੀ ਕਿਹਾ ਕਿ ਇਹ ਵਿਸ਼ਵ ਭਰ ਦੇ ਸਿੱਖਾਂ ਲਈ ਮਾਣ ਵਾਲਾ ਪਲ ਹੈ। ਇਸ ਦੇ ਨਾਲ ਹੀ PSGPC ਨੇ ਉਨ੍ਹਾਂ ਨੂੰ ਕਰਤਾਰਪੁਰ ਲਾਂਘੇ ਦੇ ਮੁੜ ਉਦਘਾਟਨ ਵਿੱਚ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।

ਇਸ ਤੋਂ ਬਾਅਦ ਨਵਜੋਤ ਸਿੱਧੂ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਭਾਜਪਾ ਨੇ ਉਨ੍ਹਾਂ ‘ਤੇ ਜ਼ੁਬਾਨੀ ਹਮਲਾ ਬੋਲਿਆ ਤੇ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੋਸ਼ ਲਾਇਆ ਕਿ "ਸਿੱਧੂ ਨੇ ਖ਼ੁਦ ਇਹ ਸਾਰੀ ਸਕ੍ਰਿਪਟ ਲਿਖੀ ਹੈ। ਲਾਂਘਾ ਖੋਲ੍ਹਣ ਦਾ ਫੈਸਲਾ ਕੇਂਦਰ ਸਰਕਾਰ ਲਵੇਗੀ ਤੇ ਸਿੱਧੂ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ ਹੈ। ਇਹ ਦੋਵਾਂ ਦੇਸ਼ਾਂ ਵਿਚਾਲੇ ਇੱਕ ਮੁੱਦਾ ਹੈ।"

ਅਕਾਲੀ ਦਲ ਨੇ ਕਿਹਾ, "ਲਾਂਘੇ ਦੇ ਮਾਮਲੇ ਵਿੱਚ ਸਿੱਧੂ ਦੀ ਕੋਈ ਭੂਮਿਕਾ ਨਹੀਂ ਸੀ।" ਇਸ ਦੇ ਨਾਲ ਹੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ "PSGPC ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਕੋਈ ਵਿਅਕਤੀਗਤ ਮਾਮਲਾ ਨਹੀਂ, ਬਲਕਿ ਦੋ ਦੇਸ਼ਾਂ ਵਿਚਾਲੇ ਦਾ ਮਾਮਲਾ ਹੈ। ਵਧਾਈਆਂ ਕਿਸੇ ਨੂੰ ਵੀ ਦਿੱਤੀਆਂ ਜਾ ਸਕਦੀਆਂ ਹਨ, ਪਰ ਪਿਛਲੇ ਦਿਨੀਂ ਲਾਂਘੇ ਦੇ ਮਾਮਲੇ ਵਿੱਚ ਸਿੱਧੂ ਦੀ ਕੋਈ ਭੂਮਿਕਾ ਨਹੀਂ ਸੀ ਤੇ ਨਾ ਹੀ ਭਵਿੱਖ ਵਿੱਚ ਹੋ ਸਕਦੀ ਹੈ।" ਇਸ ਦੇ ਨਾਲ ਹੀ ਚੀਮਾ ਨੇ ਕੇਂਦਰ ਸਰਕਾਰ ਤੋਂ ਲਾਂਘਾ ਖੋਲ੍ਹਣ ਦੀ ਮੰਗ ਵੀ ਕੀਤੀ।


ਕੈਪਟਨ ਅਮਰਿੰਦਰ ਨੇ ਪਾਕਿਸਤਾਨ ਨੂੰ ਵੱਡਾ ਖ਼ਤਰਾ ਦੱਸਿਆ
ਮਹੱਤਵਪੂਰਨ ਗੱਲ ਇਹ ਹੈ ਕਿ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਦੀ ਤਾਜਪੋਸ਼ੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਇੱਕ ਵੱਡਾ ਖਤਰਾ ਦੱਸਿਆ ਸੀ। ਸਿੱਧੂ ਦੀ ਤਾਜਪੋਸ਼ੀ ਦੀ ਰਸਮ 23 ਜੁਲਾਈ ਨੂੰ ਹੋਈ ਸੀ। ਕੈਪਟਨ ਨੇ ਕਿਹਾ ਸੀ ਕਿ "ਪੰਜਾਬ ਦੀ ਲਗਪਗ 600 ਕਿਲੋਮੀਟਰ ਦੀ ਸਰਹੱਦ ਪਾਕਿਸਤਾਨ ਨਾਲ ਹੈ ਤੇ ਸਾਨੂੰ ਸੁਰੱਖਿਆ ਦਾ ਧਿਆਨ ਰੱਖਣਾ ਹੋਵੇਗਾ।"