ਨਵੀਂ ਦਿੱਲੀ: 2022 ਭਾਰਤ ਵਿੱਚ ਚੋਣਾਂ ਦੇ ਲਿਹਾਜ਼ ਨਾਲ ਇੱਕ ਬਹੁਤ ਮਹੱਤਵਪੂਰਨ ਸਾਲ ਹੋਣ ਜਾ ਰਿਹਾ ਹੈ। ਅਗਲੇ ਸਾਲ ਪੰਜਾਬ ਤੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਨੂੰ ਸਾਲ 2024 ਦੀਆਂ ਲੋਕ ਸਭਾ ਚੋਣਾਂ ਦੇ ਸੈਮੀਫਾਈਨਲ ਵਜੋਂ ਵੇਖਿਆ ਜਾ ਰਿਹਾ ਹੈ।

ਇਸ ਦੌਰਾਨ ਇੱਕ ਹਿੰਦੀ ਅਖਬਾਰ ਵਿੱਚ ਛਪੀ ਰਿਪੋਰਟ ਅਨੁਸਾਰ ਉੱਤਰ ਪ੍ਰਦੇਸ਼ ਦੇ ਨਾਲ ਗੁਜਰਾਤ ਵਿੱਚ ਵੀ ਫਰਵਰੀ ਜਾਂ ਮਾਰਚ ਵਿੱਚ ਚੋਣਾਂ ਹੋ ਸਕਦੀਆਂ ਹਨ। ਅਖਬਾਰ ਨੇ ਲਿਖਿਆ ਹੈ ਕਿ ਭਾਜਪਾ ਇਸ ਵਾਰ ਚੋਣਾਂ ਵਿੱਚ ਮੁੱਖ ਮੰਤਰੀ ਦੇ ਚਿਹਰੇ ਤੋਂ ਬਿਨਾਂ ਵੀ ਲੜ ਸਕਦੀ ਹੈ। ਚਰਚਾ ਹੈ ਕਿ ਬੀਜੇਪੀ ਨੂੰ ਯੂਪੀ, ਉੱਤਰਾਖੰਡ ਤੇ ਪੰਜਾਬ ਵਿੱਚ ਹਾਰਨ ਦਾ ਖਤਰਾ ਹੈ। ਇਸ ਦਾ ਅਸਰ ਗੁਜਰਾਤ ਚੋਣਾਂ ਉੱਪਰ ਪੈ ਸਕਦਾ ਹੈ।

 

ਇਹ ਮੰਨਿਆ ਜਾਂਦਾ ਹੈ ਕਿ ਜੇ ਉੱਤਰ ਪ੍ਰਦੇਸ਼ ਵਿੱਚ ਪਹਿਲਾਂ ਚੋਣਾਂ ਹੋਈਆਂ ਸਨ ਤੇ ਇਸ ਦੇ ਨਤੀਜੇ ਚੰਗੇ ਨਹੀਂ ਰਹੇ ਤਾਂ ਇਸ ਦਾ ਅਸਰ ਗੁਜਰਾਤ ਚੋਣਾਂ ਉੱਤੇ ਪੈ ਸਕਦਾ ਹੈ। ਇਸੇ ਲਈ ਦੋਵੇਂ ਰਾਜਾਂ ਵਿੱਚ ਇੱਕੋ ਸਮੇਂ ਚੋਣਾਂ ਕਰਾਉਣ ਬਾਰੇ ਵਿਚਾਰਿਆ ਜਾ ਸਕਦਾ ਹੈ। ਇਸ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਜਰਾਤ ਵਿੱਚ ਮੰਤਰੀ ਮੰਡਲ ਦੇ ਵਿਸਥਾਰ ਜਾਂ ਲੀਡਰਸ਼ਿਪ ਵਿੱਚ ਤਬਦੀਲੀ ਦੀ ਬਜਾਏ ਵਿਧਾਨ ਸਭਾ ਭੰਗ ਹੋਣ ਦੀ ਸੰਭਾਵਨਾ ਹੈ।

ਸੂਬਾ ਪਾਰਟੀ ਮੁਖੀ ਨੂੰ ਲੈ ਕੇ ਨਾਰਾਜ਼ਗੀ
ਇਸ ਸਮੇਂ ਗੁਜਰਾਤ ਵਿੱਚ ਸੂਬਾ ਭਾਜਪਾ ਦੀ ਕਮਾਂਡ ਸੀਆਰ ਪਾਟਿਲ ਦੇ ਹੱਥ ਵਿੱਚ ਹੈ। ਪਾਟਿਲ ਦਾ ਪੰਨਾ ਪ੍ਰਮੁੱਖ ਮਾਡਲ ਰਾਜ ਵਿਚ ਸਫਲ ਨਹੀਂ ਹੋਇਆ। ਪਹਿਲਾਂ ਤੋਂ ਨਾਰਾਜ਼ ਕਾਰਕੁੰਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ ਪਰ ਉਨ੍ਹਾਂ ਦੇ ਕੰਮ ਵਿਚ ਢਿੱਲ ਵੇਖੀ ਗਈ। ਹੁਣ ਪਾਰਟੀ ਮਹਿਸੂਸ ਕਰ ਰਹੀ ਹੈ ਕਿ ਇਹ ਆਪਸੀ ਤਾਲਮੇਲ ਅਤੇ ਕੰਮ ਵਿਚ ਢਿੱਲ ਦਾ ਨਤੀਜਾ ਚੋਣਾਂ ਵਿਚ ਕਾਰਗੁਜ਼ਾਰੀ ਨੂੰ ਪ੍ਰਭਾਵਤ ਕਰ ਸਕਦਾ ਹੈ।

 

ਉਂਝ, ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 2002 ਵਿੱਚ ਗੁਜਰਾਤ ਵਿੱਚ ਗੋਧਰਾ ਦੰਗਿਆਂ ਤੋਂ ਬਾਅਦ ਵੀ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਸੀ। ਸਾਲ 2002 ਵਿੱਚ, ਚੋਣਾਂ ਸ਼ਡਿਊਲ ਤੋਂ ਅੱਠ ਮਹੀਨੇ ਪਹਿਲਾਂ ਕਰਵਾਈਆਂ ਗਈਆਂ ਸਨ। ਸਾਲ 2002 ਵਿੱਚ ਰਾਜ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਾਰੇ ਸਵਾਲ ਸਨ, ਪਰ ਨਰਿੰਦਰ ਮੋਦੀ ਦੀ ਹਰਮਨਪਿਆਰਤਾ ਤੇ ਹਿੰਦੂਤਵ ਦੋਵਾਂ ਨੇ ਭਾਜਪਾ ਨੂੰ ਲਾਭ ਪਹੁੰਚਾਇਆ।