ਰਾਜਕੋਟ - ਭਾਰਤ ਅਤੇ ਇੰਗਲੈਂਡ ਵਿਚਾਲੇ ਰਾਜਕੋਟ 'ਚ ਖੇਡਿਆ ਗਿਆ ਟੈਸਟ ਮੈਚ ਡਰਾਅ ਹੋ ਗਿਆ। ਇਸ ਟੈਸਟ ਮੈਚ 'ਚ ਟੀਮ ਇੰਡੀਆ ਨੂੰ ਦੂਜੀ ਪਾਰੀ 'ਚ 310 ਰਨ ਦਾ ਟੀਚਾ ਮਿਲਿਆ ਸੀ। ਟੀਮ ਇੰਡੀਆ ਨੇ ਦੂਜੀ ਪਾਰੀ 'ਚ 6 ਵਿਕਟ ਗਵਾ ਕੇ 172 ਰਨ ਬਣਾਏ। ਕਪਤਾਨ ਵਿਰਾਟ ਕੋਹਲੀ ਦੇ ਨਾਬਾਦ 49 ਰਨ ਦੇ ਆਸਰੇ ਟੀਮ ਇੰਡੀਆ ਮੈਚ ਡਰਾਅ ਕਰਨ 'ਚ ਕਾਮਯਾਬ ਹੋਈ। 

  

 

ਟੀਮ ਇੰਡੀਆ ਨੇ ਗਵਾਏ 6 ਵਿਕਟ 

 

310 ਰਨ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਨੂੰ ਪਹਿਲਾ ਝਟਕਾ ਬਿਨਾ ਖਾਤਾ ਖੋਲੇ ਹੀ ਲੱਗਿਆ। ਗੌਤਮ ਗੰਭੀਰ ਬਿਨਾ ਕੋਈ ਰਨ ਬਣਾਏ ਪੈਵਲੀਅਨ ਪਰਤ ਗਏ। ਇਸਤੋਂ ਬਾਅਦ ਕੁਝ ਦੇਰ ਪੁਜਾਰਾ ਅਤੇ ਵਿਜੈ ਮੈਦਾਨ 'ਤੇ ਟਿਕੇ, ਪਰ ਫਿਰ ਪੁਜਾਰਾ ਵੀ 18 ਰਨ ਬਣਾ ਕੇ ਆਪਣਾ ਵਿਕਟ ਗਵਾ ਬੈਠੇ। ਇਸਤੋਂ ਬਾਅਦ ਮੁਰਲੀ ਵਿਜੈ (31) ਦਾ ਵਿਕਟ ਡਿੱਗਿਆ। ਰਹਾਣੇ ਨੇ ਵੀ ਸਿਰਫ 1 ਰਨ ਦਾ ਯੋਗਦਾਨ ਪਾਇਆ। ਕਪਤਾਨ ਵਿਰਾਟ ਕੋਹਲੀ ਨੇ ਅਸ਼ਵਿਨ ਨਾਲ ਮਿਲਕੇ ਟੀਮ ਇੰਡੀਆ ਨੂੰ ਸੰਭਾਲਿਆ। ਦੋਨਾ ਨੇ 5ਵੇਂ ਵਿਕਟ ਲਈ 47 ਰਨ ਜੋੜੇ। ਖਾਸ ਗੱਲ ਇਹ ਸੀ ਕਿ ਦੋਨਾ ਨੇ ਮਿਲਕੇ 15 ਓਵਰ ਤਕ ਭਾਰਤੀ ਟੀਮ ਨੂੰ ਕੋਈ ਝਟਕਾ ਨਹੀਂ ਲੱਗਣ ਦਿੱਤਾ। ਖੇਡ ਦੇ ਆਖਰੀ ਓਵਰਾਂ ਦੌਰਾਨ ਜਡੇਜਾ ਨੇ ਕਪਤਾਨ ਦਾ ਚੰਗਾ ਸਾਥ ਦਿੱਤਾ ਅਤੇ ਟੀਮ ਇੰਡੀਆ ਮੈਚ ਡਰਾਅ ਕਰਵਾਉਣ 'ਚ ਕਾਮਯਾਬ ਹੋ ਗਈ। ਕਪਤਾਨ ਵਿਰਾਟ ਕੋਹਲੀ 49 ਰਨ ਬਣਾ ਕੇ ਨਾਬਾਦ ਰਹੇ। 

  

ਮੋਇਨ ਅਲੀ ਚਮਕੇ 

 

ਮੈਚ 'ਚ ਪਹਿਲੀ ਪਾਰੀ ਦੌਰਾਨ ਇੰਗਲੈਂਡ ਲਈ 117 ਰਨ ਦੀ ਪਾਰੀ ਖੇਡੀ ਵਾਲੇ ਅਤੇ ਕੁਲ 3 ਵਿਕਟ ਆਪਣੇ ਨਾਮ ਕਰਨ ਵਾਲੇ ਮੋਇਨ ਅਲੀ ਨੂੰ 'ਮੈਨ ਆਫ ਦ ਮੈਚ' ਚੁਣਿਆ ਗਿਆ। ਸੀਰੀਜ਼ ਦਾ ਦੂਜਾ ਟੈਸਟ 17 ਨਵੰਬਰ ਤੋਂ ਵਿਸ਼ਾਖਾਪਟਨਮ 'ਚ ਖੇਡਿਆ ਜਾਵੇਗਾ।