ਨਵੀਂ ਦਿੱਲੀ: ਟੀ -20 ਸੀਰੀਜ਼ ਵਿੱਚ ਨਿਉਜ਼ੀਲੈਂਡ ਖ਼ਿਲਾਫ਼ 5-0 ਨਾਲ ਜਿੱਤ ਦਰਜ ਕਰਨ ਤੋਂ ਬਾਅਦ ਭਾਰਤ ਨੇ ਵਨਡੇ ਮੈਚ ਵਿੱਚ ਮਾੜੀ ਸ਼ੁਰੂਆਤ ਕੀਤੀ ਹੈ। ਹਾਲਾਂਕਿ, ਹਾਰ ਦੇ ਬਾਵਜੂਦ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਪਹਿਲੇ ਵਨਡੇ ਮੈਚ ਵਿੱਚ ਇੱਕ ਬਹੁਤ ਹੀ ਖਾਸ ਸਥਾਨ ਹਾਸਲ ਕਰਨ ਵਿੱਚ ਕਾਮਯਾਬ ਰਹੇ ਹਨ।

ਵਨਡੇ ਮੈਚਾਂ ਵਿੱਚ ਕਪਤਾਨ ਵਜੋਂ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੂੰ ਪਛਾੜ ਦਿੱਤਾ ਹੈ। ਕੋਹਲੀ ਨੇ ਸੇਡਨ ਪਾਰਕ ਦੇ ਮੈਦਾਨ ਵਿੱਚ ਨਿਉਜ਼ੀਲੈਂਡ ਖਿਲਾਫ ਪਹਿਲੇ ਵਨਡੇ ਮੈਚ ਵਿੱਚ 63 ਗੇਂਦਾਂ ਵਿੱਚ 51 ਦੌੜਾਂ ਬਣਾਈਆਂ।

31 ਸਾਲਾ ਕੋਹਲੀ ਨੇ ਹੁਣ ਵਨਡੇ ਮੈਚਾਂ ਵਿੱਚ ਕਪਤਾਨ ਵਜੋਂ 5123 ਦੌੜਾਂ ਬਣਾਈਆਂ ਹਨ ਤੇ ਉਸ ਨੇ ਇਸ ਮਾਮਲੇ ਵਿੱਚ ਗਾਂਗੁਲੀ ਨੂੰ ਪਿੱਛੇ ਛੱਡ ਦਿੱਤਾ ਹੈ। ਗਾਂਗੁਲੀ ਨੇ ਕਪਤਾਨ ਵਜੋਂ 148 ਵਨਡੇ ਮੈਚਾਂ ਵਿਚ 5082 ਦੌੜਾਂ ਬਣਾਈਆਂ ਸਨ। ਕੋਹਲੀ ਦਾ ਬਤੌਰ ਕਪਤਾਨ ਇਹ 87 ਵਾਂ ਮੈਚ ਸੀ। ਵਨਡੇ ਮੈਚਾਂ ਵਿੱਚ ਉਸ ਨੇ ਇੱਕ ਭਾਰਤੀ ਕਪਤਾਨ ਦੇ ਰੂਪ ਵਿੱਚ 21 ਸੈਂਕੜੇ ਅਤੇ 23 ਅਰਧ ਸੈਂਕੜੇ ਲਗਾਏ ਹਨ।

ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਬਤੌਰ ਭਾਰਤੀ ਕਪਤਾਨ ਦੌੜਾ ਦੀ ਸੂਚੀ ਵਿੱਚ ਸਭ ਤੋਂ ਉੱਪਰ ਹਨ। ਧੋਨੀ ਨੇ ਆਪਣੇ ਖਾਤੇ ਵਿੱਚ ਕਪਤਾਨ ਵਜੋਂ 172 ਪਾਰੀਆਂ ਵਿੱਚ 6641 ਦੌੜਾਂ ਬਣਾਈਆਂ ਹਨ। ਇਸ ਸੂਚੀ ਵਿੱਚ ਮੁਹੰਮਦ ਅਜ਼ਰੂਦੀਨ ਦੂਜੇ ਨੰਬਰ 'ਤੇ ਹਨ। ਅਜ਼ਰੂਦੀਨ ਨੇ ਵਨਡੇ ਕਪਤਾਨ ਵਜੋਂ 5239 ਦੌੜਾਂ ਬਣਾਈਆਂ ਹਨ।