ਚੰਡੀਗੜ੍ਹ: ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸਭ ਤੋਂ ਤੇਜ਼ 25 ਟੈਸਟ ਸੈਂਕੜੇ ਪੂਰੇ ਕਰਨ ਦੇ ਮਾਮਲੇ ਵਿੱਚ ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਵੀ ਪਛਾੜ ਦਿੱਤਾ ਹੈ। ਕੋਹਲੀ ਨੇ ਪਰਥ ਵਿੱਚ ਆਸਟ੍ਰੇਲੀਆ ਖ਼ਿਲਾਫ਼ ਜਾਰੀ ਦੂਜੇ ਟੈਸਟ ਮੈਚ ਵਿੱਚ ਇਹ ਉਪਲੱਬਧੀ ਆਪਣੇ ਨਾਂ ਕੀਤੀ।
ਸਚਿਨ ਦੀ ਗੱਲ ਕੀਤੀ ਜਾਏ ਤਾਂ ਉਨ੍ਹਾਂ ਆਪਣੇ ਕਰੀਅਰ ਵਿੱਚ 130 ਪਾਰੀਆਂ ’ਚ 25 ਟੈਸਟ ਸੈਂਕੜੇ ਪੂਰੇ ਕੀਤੇ ਸੀ ਪਰ ਕੋਹਲੀ ਨੇ 127 ਪਾਰੀਆਂ ਵਿੱਚ ਇਹ ਕਾਰਨਾਮਾ ਕਰਕੇ ਉਨ੍ਹਾਂ ਨੂੰ ਵੀ ਪਛਾੜ ਦਿੱਤਾ ਹੈ। ਹਾਲਾਂਕਿ ਇਸ ਲਿਸਟ ਵਿੱਚ ਆਸਟ੍ਰੇਲੀਆ ਦੇ ਸਾਬਕਾ ਖਿਡਾਰੀ ਸਰ ਡਾਨ ਬਰੈਡਮੈਨ ਦਾ ਰਿਕਾਰਡ ਕੋਈ ਨਹੀਂ ਤੋੜ ਪਾਇਆ। ਬਰੈਡਮੈਨ ਨੇ ਮਹਿਜ਼ 68 ਪਾਰੀਆਂ ਵਿੱਚ 25 ਟੈਸਟ ਸੈਂਕੜੇ ਪੂਰੇ ਕੀਤੇ ਸੀ।
ਕੌਮਾਂਤਰੀ ਪੱਧਰ ’ਤੇ ਕੋਹਲੀ 21ਵੇਂ ਨੰਬਰ ਦਾ ਖਿਡਾਰੀ ਹੈ ਜਿਸ ਨੇ ਟੈਸਟ ਵਿੱਚ 25 ਜਾਂ ਇਸ ਤੋਂ ਵੱਧ ਸੈਂਕੜੇ ਪੂਰੇ ਕਰ ਲਏ ਹਨ। ਇਸ ਦੇ ਨਾਲ ਹੀ ਅਜਿਹਾ ਕਰਨ ਵਾਲਾ ਕੋਹਲੀ ਭਾਰਤ ਦਾ ਚੌਥਾ ਬੱਲੇਬਾਜ਼ ਬਣ ਗਿਆ ਹੈ। ਆਸਟ੍ਰੇਲੀਆ ਦੀ ਧਰਤੀ ’ਤੇ ਕੋਹਲੀ ਦੀ ਹ ਛੇਵਾਂ ਸੈਂਕੜਾ ਸੀ। ਨਵੇਂ ਪਰਥ ਸਟੇਡੀਅਮ ਵਿੱਚ ਸੈਂਕੜਾ ਜੜ੍ਹਨ ਵਾਲਾ ਕੋਹਲੀ ਪਹਿਲਾ ਖਿਡਾਰੀ ਵੀ ਬਣ ਗਿਆ ਹੈ।
ਇਸ ਤੋਂ ਇਲਾਵਾ ਕੋਹਲੀ ਨੂੰ ਇਕ ਸਾਲ ਵਿੱਚ ਵਿਦੇਸ਼ੀ ਧਰਤੀ ’ਤੇ ਹਜ਼ਾਰ ਦੌੜਾਂ ਪੂਰੀਆਂ ਕਰਨ ਦੇ ਮਾਮਲੇ ਵਿੱਚ ਦੁਨੀਆ ਵਿੱਚੋਂ 11ਵਾਂ ਤੇ ਭਾਰਤ ਵਿੱਚੋਂ ਤੀਜੇ ਨੰਬਰ ਦਾ ਬੱਲੇਬਾਜ਼ ਬਣਨ ਦਾ ਖਿਤਾਬ ਵੀ ਮਿਲ ਗਿਆ ਹੈ।