Virat Kohli vs BCCI: ਟੀਮ ਇੰਡੀਆ ਦੇ ਟੈਸਟ ਕਪਤਾਨ ਵਿਰਾਟ ਕੋਹਲੀ BCCI ਦੇ ਅਧਿਕਾਰੀਆਂ ਦੇ ਬਿਆਨਾਂ 'ਤੇ ਜਵਾਬੀ ਪ੍ਰੈੱਸ ਕਾਨਫਰੰਸ ਕਰਕੇ ਮੁਸੀਬਤ ਵਿੱਚ ਨਜ਼ਰ ਆ ਰਹੇ ਹਨ, ਪਰ ਫਿਲਹਾਲ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਬੀਸੀਸੀਆਈ ਅਧਿਕਾਰੀਆਂ ਨੇ ਇਹ ਫੈਸਲਾ ਇਸ ਲਈ ਲਿਆ ਹੈ ਤਾਂ ਕਿ ਦੱਖਣੀ ਅਫਰੀਕਾ ਦੌਰੇ ਦੌਰਾਨ ਟੀਮ ਨੂੰ ਕੋਈ ਨੁਕਸਾਨ ਨਾ ਹੋਵੇ।



ਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਇਹ ਸਾਹਮਣੇ ਆਇਆ ਹੈ ਕਿ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਸਮੇਤ ਬੋਰਡ ਦੇ ਸੀਨੀਅਰ ਅਧਿਕਾਰੀਆਂ ਨੇ ਬੁੱਧਵਾਰ ਨੂੰ ਆਨਲਾਈਨ ਮੀਟਿੰਗ ਕੀਤੀ। ਇਸ 'ਚ ਵਿਰਾਟ ਕੋਹਲੀ ਦੇ ਇਸ ਸੰਵੇਦਨਸ਼ੀਲ ਮਾਮਲੇ ਨਾਲ ਕਿਵੇਂ ਨਜਿੱਠਣਾ ਹੈ, ਇਸ 'ਤੇ ਸਾਰਿਆਂ ਦੀ ਰਾਏ ਜਾਣੀ ਗਈ।

ਬੀਸੀਸੀਆਈ ਅਧਿਕਾਰੀ ਨੇ ਕਿਹਾ ਕਿ ਬੋਰਡ ਨੂੰ ਪਤਾ ਹੈ ਕਿ ਟੈਸਟ ਸੀਰੀਜ਼ ਹੋਣ ਵਾਲੀ ਹੈ ਤੇ ਜਲਦਬਾਜ਼ੀ 'ਚ ਲਿਆ ਗਿਆ ਕੋਈ ਵੀ ਫੈਸਲਾ ਜਾਂ ਬਿਆਨ ਟੀਮ ਦੇ ਮਨੋਬਲ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਜਿਹੇ 'ਚ ਫਿਲਹਾਲ ਕੋਈ ਕਾਰਵਾਈ ਹੋਣ ਦੀ ਸੰਭਾਵਨਾ ਨਹੀਂ ਹੈ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਕੋਈ ਵੀ ਪ੍ਰੈੱਸ ਕਾਨਫਰੰਸ ਨਹੀਂ ਕਰੇਗਾ ਤੇ ਨਾ ਹੀ ਕੋਈ ਪ੍ਰੈੱਸ ਬਿਆਨ ਜਾਰੀ ਕਰੇਗਾ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵਿਚਾਲੇ ਲਗਾਤਾਰ ਮਤਭੇਦਾਂ ਦੀਆਂ ਖਬਰਾਂ ਆ ਰਹੀਆਂ ਸਨ। ਇਸ ਦੌਰਾਨ ਬੀਸੀਸੀਆਈ ਨੇ ਅਚਾਨਕ ਵਿਰਾਟ ਨੂੰ ਵਨਡੇ ਦੀ ਕਪਤਾਨੀ ਤੋਂ ਹਟਾਉਣ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਬੋਰਡ ਪ੍ਰਧਾਨ ਸੌਰਵ ਗਾਂਗੁਲੀ ਨੇ ਬਿਆਨ ਦਿੱਤਾ ਕਿ ਉਨ੍ਹਾਂ ਨੇ ਵਿਰਾਟ ਨੂੰ ਟੀ-20 ਦੀ ਕਪਤਾਨੀ ਨਾ ਛੱਡਣ ਦੀ ਸਲਾਹ ਦਿੱਤੀ ਹੈ।

ਇਸ 'ਤੇ ਵਿਰਾਟ ਨੇ ਪ੍ਰੈੱਸ ਕਾਨਫਰੰਸ 'ਚ ਜਵਾਬ ਦਿੱਤਾ ਕਿ ਬੀਸੀਸੀਆਈ ਦੇ ਕਿਸੇ ਅਧਿਕਾਰੀ ਨੇ ਉਨ੍ਹਾਂ ਨੂੰ ਟੀ-20 ਦੀ ਕਪਤਾਨੀ ਨਾ ਛੱਡਣ ਦੀ ਸਲਾਹ ਨਹੀਂ ਦਿੱਤੀ। ਇੱਥੋਂ ਤੱਕ ਕਿ ਉਸ ਨੂੰ ਵਨਡੇ ਦੀ ਕਪਤਾਨੀ ਤੋਂ ਹਟਾਉਣ ਬਾਰੇ ਵੀ ਪਹਿਲਾਂ ਤੋਂ ਪਤਾ ਨਹੀਂ ਸੀ। ਵਿਰਾਟ ਦੀ ਇਸ ਪ੍ਰੈੱਸ ਕਾਨਫਰੰਸ ਤੋਂ ਬਾਅਦ ਕਪਤਾਨ ਤੇ ਬੀਸੀਸੀਆਈ ਵਿਚਾਲੇ ਮਤਭੇਦਾਂ ਦੀਆਂ ਖਬਰਾਂ ਜਨਤਕ ਹੋ ਗਈਆਂ।

ਫਿਲਹਾਲ ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਲਈ ਟੀਮ ਨਾਲ ਦੱਖਣੀ ਅਫਰੀਕਾ ਲਈ ਰਵਾਨਾ ਹੋ ਗਏ ਹਨ। ਇੱਥੇ ਸੌਰਵ ਗਾਂਗੁਲੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਸ ਮਾਮਲੇ ਵਿੱਚ ਹੁਣ ਕੋਈ ਬਿਆਨ ਨਹੀਂ ਦੇਣਗੇ, ਬੀਸੀਸੀਆਈ ਇਸ ਮਾਮਲੇ ਨੂੰ ਆਪਣੇ ਤਰੀਕੇ ਨਾਲ ਨਜਿੱਠੇਗਾ।

ਸਾਬਕਾ ਕ੍ਰਿਕਟਰ ਇਹ ਕਹਿੰਦੇ ਸੁਣੇ ਜਾ ਰਹੇ ਹਨ ਕਿ ਮਾਮਲੇ ਨੂੰ ਸੁਲਝਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਦੋਵੇਂ ਧਿਰਾਂ ਬੈਠ ਕੇ ਮਤਭੇਦਾਂ ਨੂੰ ਸੁਲਝਾ ਲੈਣ। ਹਾਲਾਂਕਿ, ਗਾਂਗੁਲੀ ਜਾਂ ਸ਼ਾਹ ਦੇ ਕਪਤਾਨ ਨਾਲ ਗੱਲ ਕਰਨ ਦੀ ਸੰਭਾਵਨਾ ਘੱਟ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦੱਖਣੀ ਅਫਰੀਕਾ ਦੌਰੇ ਤੋਂ ਬਾਅਦ ਵਿਰਾਟ ਤੋਂ ਇਸ ਮਾਮਲੇ 'ਚ ਜ਼ਰੂਰ ਪੁੱਛਗਿੱਛ ਕੀਤੀ ਜਾਵੇਗੀ।