ਪਰਥ - ਦਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਪਹਿਲੇ ਟੈਸਟ ਦੇ ਪਹਿਲੇ ਦਿਨ ਦਾ ਖੇਡ ਆਸਟ੍ਰੇਲੀਆ ਦੇ ਨਾਮ ਰਿਹਾ। ਆਸਟ੍ਰੇਲੀਆ ਦੇ ਗੇਂਦਬਾਜ਼ਾਂ ਨੇ ਪਹਿਲਾ ਅਫਰੀਕੀ ਟੀਮ ਨੂੰ 242 ਰਨ 'ਤੇ ਸਮੇਟ ਦਿੱਤਾ ਅਤੇ ਫਿਰ ਦਿਨ ਦਾ ਖੇਡ ਖਤਮ ਹੋਣ ਤਕ ਬਿਨਾ ਕੋਈ ਵਿਕਟ ਗਵਾਏ 105 ਰਨ ਬਣਾ ਲਏ ਸਨ।
ਦਖਣੀ ਅਫਰੀਕਾ - 242 ਰਨ 'ਤੇ ਸਿਮਟੀ
ਪਰਥ ਦੇ ਮੈਦਾਨ 'ਤੇ ਅਫਰੀਕੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਬਾਊਂਸ ਨੂੰ ਮਦਦ ਕਰ ਰਹੀ ਪਿਚ 'ਤੇ ਆਸਟ੍ਰੇਲੀਆ ਦੇ ਗੇਂਦਬਾਜ਼ਾਂ ਨੇ ਦਮਦਾਰ ਸ਼ੁਰੂਆਤ ਕੀਤੀ ਅਤੇ ਪਹਿਲੇ 8 ਓਵਰਾਂ ਵਿਚਾਲੇ ਹੀ ਅਫਰੀਕੀ ਟੀਮ ਦੇ 3 ਬੱਲੇਬਾਜ਼ਾਂ ਨੂੰ ਪੈਵਲੀਅਨ ਦਾ ਰਾਹ ਵਿਖਾ ਦਿੱਤਾ। ਅਫਰੀਕੀ ਟੀਮ ਨੇ 32 ਰਨ 'ਤੇ 4 ਵਿਕਟ ਗਵਾ ਦਿੱਤੇ ਸਨ। ਪਰ ਫਿਰ ਕਵਿੰਟਨ ਡੀ ਕਾਕ ਅਤੇ ਟੇਂਬਾ ਬਾਵੂਮਾ ਨੇ ਮਿਲਕੇ ਅਫਰੀਕੀ ਪਾਰੀ ਨੂੰ ਸੰਭਾਲਿਆ। ਦੋਨਾ ਨੇ ਮਿਲਕੇ 6ਵੇਂ ਵਿਕਟ ਲਈ 71 ਰਨ ਜੋੜੇ। ਬਾਵੂਮਾ ਨੇ 86 ਗੇਂਦਾਂ 'ਤੇ 51 ਰਨ ਦੀ ਪਾਰੀ ਖੇਡੀ। ਕਵਿੰਟਨ ਡੀ ਕਾਕ ਨੇ 101 ਗੇਂਦਾਂ 'ਤੇ 11 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 84 ਰਨ ਦਾ ਯੋਗਦਾਨ ਪਾਇਆ। ਅਫਰੀਕੀ ਟੀਮ 242 ਰਨ ਦੇ ਸਕੋਰ 'ਤੇ ਆਲ ਆਊਟ ਹੋ ਗਈ। ਆਸਟ੍ਰੇਲੀਆ ਲਈ ਮਿਚਲ ਸਟਾਰਕ ਨੇ 4 ਅਤੇ ਜੌਸ਼ ਹੇਜ਼ਲਵੁਡ ਨੇ 3 ਵਿਕਟ ਹਾਸਿਲ ਕੀਤੇ।
ਵਾਰਨਰ ਦਾ ਧਮਾਕਾ
ਅਫਰੀਕੀ ਟੀਮ ਦੇ ਗੇਂਦਬਾਜ਼ ਇਸੇ ਆਸ 'ਚ ਸਨ ਕਿ ਗੇਂਦਬਾਜ਼ੀ ਲਈ ਚੰਗੀ ਸਾਬਿਤ ਹੋ ਰਹੀ ਪਿਚ 'ਤੇ ਜਲਦੀ ਵਿਕਟ ਹਾਸਿਲ ਕਰਨ। ਪਰ ਅਫਰੀਕੀ ਟੀਮ ਦੇ ਗੇਂਦਬਾਜ਼ਾਂ ਦੇ ਸੁਪਨਿਆਂ 'ਤੇ ਵਾਰਨਰ ਨੇ ਪਾਣੀ ਫੇਰ ਦਿੱਤਾ। ਵਾਰਨਰ ਨੇ ਦਿਨ ਦਾ ਖੇਡ ਖਤਮ ਹੋਣ ਤਕ 62 ਗੇਂਦਾਂ 'ਤੇ ਨਾਬਾਦ 73 ਰਨ ਠੋਕ ਦਿੱਤੇ। ਵਾਰਨਰ ਦੀ ਪਾਰੀ 'ਚ 13 ਚੌਕੇ ਅਤੇ 1 ਛੱਕਾ ਸ਼ਾਮਿਲ ਸੀ। ਸ਼ਾਨ ਮਾਰਸ਼ 67 ਗੇਂਦਾਂ 'ਤੇ 29 ਰਨ ਬਣਾ ਕੇ ਨਾਬਾਦ ਰਹੇ। ਆਸਟ੍ਰੇਲੀਆ ਨੇ ਦਿਨ ਦਾ ਖੇਡ ਖਤਮ ਹੋਣ ਤਕ ਬਿਨਾ ਕੋਈ ਵਿਕਟ ਗਵਾਏ 105 ਰਨ ਬਣਾ ਲਏ ਸਨ।