ਦੁਬਈ - ਪਾਕਿਸਤਾਨ ਨੇ ਵੈਸਟ ਇੰਡੀਜ਼ ਨੂੰ 3 ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ 9 ਵਿਕਟਾਂ ਨਾਲ ਮਾਤ ਦਿੱਤੀ। ਪਾਕਿਸਤਾਨ ਅਤੇ ਵੈਸਟ ਇੰਡੀਜ਼ ਵਿਚਾਲੇ ਖੇਡੇ ਗਏ ਟੀ-20 ਮੈਚ 'ਚ ਪਾਕਿਸਤਾਨੀ ਗੇਂਦਬਾਜ਼ ਅਤੇ ਬੱਲੇਬਾਜ ਹਿਟ ਸਾਬਿਤ ਹੋਏ। ਪਾਕਿਸਤਾਨ ਟੀਮ ਦੇ ਧਮਾਕੇਦਾਰ ਪ੍ਰਦਰਸ਼ਨ ਸਾਹਮਣੇ ਵੈਸਟ ਇੰਡੀਜ਼ ਦੀ ਟੀਮ ਫਲਾਪ ਸਾਬਿਤ ਹੋਈ। 

  

ਵਸੀਮ ਨੇ ਕੀਤਾ ਕਮਾਲ 

 

ਇਮਾਦ ਵਸੀਮ ਦੇ ਦਮਦਾਰ ਓਪਨਿੰਗ ਸਪੈਲ ਦੇ ਆਸਰੇ ਪਾਕਿਸਤਾਨੀ ਟੀਮ ਨੇ ਵੈਸਟ ਇੰਡੀਜ਼ ਨੂੰ ਸ਼ੁਰੂਆਤ 'ਚ ਹੀ ਪਰੇਸ਼ਾਨ ਕਰ ਦਿੱਤਾ। ਵਸੀਮ ਨੇ ਆਪਣੇ ਪਹਿਲੇ ਸਪੈਲ 'ਚ ਵੈਸਟ ਇੰਡੀਜ਼ ਦੇ 3 ਬੱਲੇਬਾਜ਼ਾਂ ਨੂੰ ਪੈਵਲੀਅਨ ਦਾ ਰਾਹ ਵਿਖਾਇਆ। ਜਲਦੀ ਹੀ ਵਸੀਮ ਦੇ ਹੱਥ 'ਚ ਫਿਰ ਗੇਂਦ ਦਿੱਤੀ ਗਈ ਅਤੇ ਇਸ ਵਾਰ ਇਸ ਗੇਂਦਬਾਜ਼ ਨੇ 2 ਹੋਰ ਬੱਲੇਬਾਜ਼ਾਂ ਨੂੰ ਆਊਟ ਕੀਤਾ। ਵੈਸਟ ਇੰਡੀਜ਼ ਦੀ ਟੀਮ ਇੱਕ ਸਮੇਂ 48 ਰਨ 'ਤੇ 8 ਵਿਕਟ ਗਵਾ ਚੁੱਕੀ ਸੀ। ਇਸਤੋਂ ਬਾਅਦ ਬਰਾਵੋ ਅਤੇ ਟੇਲਰ ਨੇ ਮਿਲਕੇ ਵੈਸਟ ਇੰਡੀਜ਼ ਦੀ ਪਾਰੀ ਨੂੰ ਸੰਭਾਲਿਆ ਅਤੇ ਦੋਨਾ ਨੇ ਮਿਲਕੇ ਟੀਮ ਨੂੰ 100 ਰਨ ਦਾ ਅੰਕੜਾ ਪਾਰ ਕਰਵਾਇਆ। ਬਰਾਵੋ ਨੇ 54 ਗੇਂਦਾਂ 'ਤੇ 55 ਰਨ ਦੀ ਪਾਰੀ ਖੇਡੀ। ਬਰਾਵੋ ਅਤੇ ਟੇਲਰ ਨੂੰ ਛਡ ਬਾਕੀ ਦੇ ਬੱਲੇਬਾਜ ਦਹਾਈ ਦਾ ਅੰਕੜਾ ਪਾਰ ਕਰਨ 'ਚ ਵੀ ਨਾਕਾਮ ਰਹੇ। ਵੈਸਟ ਇੰਡੀਜ਼ ਦੀ ਟੀਮ 19.5 ਓਵਰਾਂ 'ਚ 115 ਰਨ 'ਤੇ ਢੇਰ ਹੋ ਗਈ। 

 

ਵਸੀਮ ਨੇ 4 ਓਵਰਾਂ 'ਚ 14 ਰਨ ਦੇਕੇ 5 ਵਿਕਟ ਝਟਕੇ। ਸੋਹੇਲ ਤਨਵੀਰ ਨੇ 2 ਅਤੇ ਹਸਨ ਅਲੀ ਅਤੇ ਨਵਾਜ਼ ਨੇ 1-1 ਵਿਕਟ ਹਾਸਿਲ ਕੀਤਾ। 

  

 

ਆਜ਼ਮ ਦਾ ਧਮਾਕਾ 

 

116 ਰਨ ਦੇ ਛੋਟੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ ਨੂੰ ਟੀਚਾ ਹਾਸਿਲ ਕਰਨ 'ਚ ਕੋਈ ਪਰੇਸ਼ਾਨੀ ਨਹੀਂ ਹੋਈ। ਪਾਕਿਸਤਾਨ ਲਈ ਬਾਬਰ ਆਜ਼ਮ ਨੇ ਦਮਦਾਰ ਅਰਧ-ਸੈਂਕੜਾ ਠੋਕਿਆ। ਆਜ਼ਮ ਨੇ 37 ਗੇਂਦਾਂ 'ਤੇ 55 ਰਨ ਦੀ ਨਾਬਾਦ ਪਾਰੀ ਖੇਡੀ ਅਤੇ ਪਾਕਿਸਤਾਨ ਨੂੰ ਜਿੱਤ ਹਾਸਿਲ ਕਰਵਾਈ। ਆਜ਼ਮ ਦੀ ਪਾਰੀ 'ਚ 6 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। ਪਾਕਿਸਤਾਨੀ ਟੀਮ ਨੇ 14.2 ਓਵਰਾਂ 'ਚ ਹੀ 116 ਰਨ ਦਾ ਟੀਚਾ ਹਾਸਿਲ ਕਰ ਲਿਆ।