ਰੂਪਨਗਰ - 6ਵਾਂ ਵਰਲਡ ਕਬੱਡੀ ਵਰਲਡ ਕਪ 3 ਨਵੰਬਰ ਤੋਂ 18 ਨਵੰਬਰ ਤਕ ਖੇਡਿਆ ਜਾਵੇਗਾ। ਕਬੱਡੀ ਕਪ ਦਾ ਉਦਘਾਟਨ 3 ਨਵੰਬਰ ਨੂੰ ਰੂਪਨਗਰ ਵਿਖੇ ਹੋਵੇਗਾ ਅਤੇ ਟੂਰਨਾਮੈਂਟ ਦਾ ਸਮਾਪਤੀ ਸਮਾਰੋਹ 18 ਨਵੰਬਰ ਨੂੰ ਸੁਖਬੀਰ ਬਾਦਲ ਦੇ ਆਪਣੇ ਵਿਧਾਨ ਸਭਾ ਹਲਕੇ ਜਲਾਲਾਬਾਦ 'ਚ ਹੋਵੇਗਾ। 

  

 

ਪੁਰਸ਼ਾਂ ਦੀ ਕਬੱਡੀ 'ਚ ਕੁਲ 12 ਦੇਸ਼ਾਂ ਦੀਆਂ ਟੀਮਾਂ ਦੇ ਦੋ ਪੂਲ ਹੋਣਗੇ ਅਤੇ ਕਬੱਡੀ ਕੱਪ ਜਿੱਤਣ ਵਾਲੀ ਟੀਮ ਨੂੰ 2 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਆ ਜਾਵੇਗਾ। ਔਰਤਾਂ ਦੀ ਕਬੱਡੀ 'ਚ 8 ਦੇਸ਼ਾਂ ਦੀਆਂ ਟੀਮਾਂ ਦੇ ਦੋ ਪੂਲ ਹੋਣਗੇ ਅਤੇ ਜੇਤੂ ਮਹਿਲਾ ਟੀਮ ਨੂੰ 1 ਕਰੋੜ ਰੁਪਏ ਦਾ ਇਨਾਮ ਹਾਸਿਲ ਹੋਵੇਗਾ। 

  

 

ਇਸ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਹੋਣ ਵਾਲੇ ਮੈਚਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਟੂਰਨਾਮੈਂਟ ਦੌਰਾਨ ਰੂਪਨਗਰ, ਗੁਰਦਾਸਪੁਰ, ਡਰੋਲੀ ਭਾਈ ਮੋਗਾ, ਚੋਹਲਾ ਸਾਹਿਬ ਤਰਨਤਾਰਨ, ਦਿੜਬਾ ਸੰਗਰੂਰ, ਆਦਮਪੁਰ ਜਲੰਧਰ, ਲੁਧਿਆਣਾ, ਅਮ੍ਰਿਤਸਰ, ਬਰਨਾਲਾ, ਬੇਗੋਵਾਲ ਕਪੂਰਥਲਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਜਲਾਲਾਬਾਦ 'ਚ ਮੁਕਾਬਲੇ ਖੇਡੇ ਜਾਣਗੇ। 

  

 

ਖਾਸ ਗੱਲ ਇਹ ਹੈ ਕਿ ਇੱਕ ਵਾਰ ਫਿਰ ਤੋਂ ਟੂਰਨਾਮੈਂਟ ਦੀ ਓਪਨਿੰਗ ਸੈਰੇਮਨੀ 'ਤੇ ਖੁਲ ਕੇ ਪੈਸੇ ਉਡਾਉਣ ਲਈ ਸਰਕਾਰ ਨੇ ਤਿਆਰੀ ਕਰ ਲਈ ਹੈ। ਓਪਨਿੰਗ ਸੈਰੇਮਨੀ 'ਤੇ ਬਾਲੀਵੁਡ ਅਦਾਕਾਰਾ ਪਰੀਨੀਤੀ ਚੋਪੜਾ ਲਟਕੇ-ਝਟਕੇ ਲਗਾਉਂਦੀ ਨਜਰ ਆਵੇਗੀ। ਪਰੀਨੀਤੀ ਚੋਪੜਾ ਨੇ ਹਾਲ 'ਚ ਢੀਸ਼ੂਮ ਫਿਲਮ 'ਚ ਆਪਣੇ ਇੱਕ ਆਈਟਮ ਨੰਬਰ ਨਾਲ ਖੂਬ ਧਮਾਲ ਮਚਾਇਆ ਸੀ ਅਤੇ ਆਪਣੇ ਇਸ ਗੀਤ 'ਚ ਪਰੀਨੀਤੀ ਸਿਕਸ ਪੈਕਸ ਵਾਲੇ ਨਵੇਂ ਅਵਤਾਰ 'ਚ ਨਜਰ ਆਈ ਸੀ। ਕਬੱਡੀ ਵਰਲਡ ਕਪ ਦੀ ਓਪਨਿੰਗ 'ਤੇ ਵੀ ਪਰੀਨੀਤੀ ਤੋਂ ਕੁਝ ਅਜਿਹੇ ਧਮਾਲ ਦੀ ਹੀ ਉਮੀਦ ਕੀਤੀ ਜਾ ਰਹੀ ਹੈ। ਇਸਤੋਂ ਅਲਾਵਾ ਜਸਪਿੰਦਰ ਨਰੂਲਾ, ਸ਼ੈਰੀ ਮਾਨ, ਨੂਰਾਂ ਸਿਸਟਰਸ, ਗਿੱਪੀ ਗਰੇਵਾਲ, ਕਮੇਡੀਅਨ ਭਾਰਤੀ ਅਤੇ ਅਰਜਨ ਬਾਜਵਾ ਦੇ ਵੀ ਓਪਨਿੰਗ ਸੈਰੇਮਨੀ 'ਤੇ ਪਹੁੰਚਣ ਦੀਆਂ ਖਬਰਾਂ ਹਨ।