ਨਵੀਂ ਦਿੱਲੀ - ਭਾਰਤ ਅਤੇ ਇੰਗਲੈਂਡ ਵਿਚਾਲੇ ਰਾਜਕੋਟ 'ਚ ਖੇਡਿਆ ਗਿਆ ਟੈਸਟ ਮੈਚ ਡਰਾਅ ਹੋ ਗਿਆ। ਇਸ ਟੈਸਟ ਮੈਚ 'ਚ ਟੀਮ ਇੰਡੀਆ ਨੂੰ ਦੂਜੀ ਪਾਰੀ 'ਚ 310 ਰਨ ਦਾ ਟੀਚਾ ਮਿਲਿਆ ਸੀ। ਟੀਮ ਇੰਡੀਆ ਨੇ ਦੂਜੀ ਪਾਰੀ 'ਚ 6 ਵਿਕਟ ਗਵਾ ਕੇ 172 ਰਨ ਬਣਾਏ। ਕਪਤਾਨ ਵਿਰਾਟ ਕੋਹਲੀ ਦੇ ਨਾਬਾਦ 49 ਰਨ ਦੇ ਆਸਰੇ ਟੀਮ ਇੰਡੀਆ ਮੈਚ ਡਰਾਅ ਕਰਨ 'ਚ ਕਾਮਯਾਬ ਹੋਈ। ਪਰ ਇਸ ਮੈਚ 'ਚ ਨਿਰਾਸ਼ ਕਰਨ ਵਾਲੇ ਸਲਾਮੀ ਬੱਲੇਬਾਜ ਗੌਤਮ ਗੰਭੀਰ 'ਤੇ ਸਵਾਲ ਉੱਠਣ ਲੱਗੇ ਹਨ। 



  



 

ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਟੈਸਟ ਸੀਰੀਜ਼ 'ਚ ਇੱਕ ਵਾਰ ਫਿਰ ਤੋਂ ਗੌਤਮ ਗੰਭੀਰ 'ਤੇ ਦਾਅ ਖੇਡਿਆ ਗਿਆ। ਟੈਸਟ ਸੀਰੀਜ਼ ਦੇ ਪਹਿਲੇ ਟੈਸਟ ਮੈਚ ਲਈ ਚੁਣੀ ਗਈ ਟੀਮ 'ਚ ਗੌਤਮ ਗੰਭੀਰ ਦਾ ਨਾਮ ਵੀ ਸ਼ਾਮਿਲ ਕਰ ਲਿਆ ਗਿਆ। ਗੌਤਮ ਗੰਭੀਰ ਨੇ ਰਣਜੀ ਟਰਾਫੀ 'ਚ ਦਮਦਾਰ ਖੇਡ ਵਿਖਾਇਆ ਅਤੇ ਸਿਲੈਕਟਰਸ ਦਾ ਧਿਆਨ ਆਪਣੇ ਵਲ ਖਿੱਚਿਆ। ਸਿਲੈਕਟਰਸ ਨੇ ਟੀਮ ਇੰਡੀਆ 'ਚ ਗੰਭੀਰ ਨੂੰ ਸ਼ਾਮਿਲ ਕੀਤਾ ਤਾਂ ਵਿਰਾਟ ਨੇ ਵੀ ਗੰਭੀਰ ਨੂੰ ਰਾਜਕੋਟ ਟੈਸਟ ਦੀ ਪਲੇਇੰਗ ਇਲੈਵਨ 'ਚ ਸ਼ਾਮਿਲ ਕਰ ਲਿਆ। 

  

 

ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ਦੇ ਆਖਰੀ ਟੈਸਟ 'ਚ ਵੀ ਗੰਭੀਰ ਨੂੰ ਬੱਲੇਬਾਜ਼ੀ ਦਾ ਮੌਕਾ ਮਿਲਿਆ ਸੀ। ਗੰਭੀਰ ਨੇ ਇਸ ਮੌਕੇ ਪਹਿਲੀ ਪਾਰੀ 'ਚ 29 ਅਤੇ ਦੂਜੀ ਪਾਰੀ 'ਚ 50 ਰਨ ਦਾ ਯੋਗਦਾਨ ਪਾਇਆ ਸੀ। ਪਰ ਇੰਗਲੈਂਡ ਖਿਲਾਫ ਗੰਭੀਰ ਦਾ ਬੱਲਾ ਨਹੀਂ ਚੱਲਿਆ ਅਤੇ ਗੰਭੀਰ ਦਾ ਫਲਾਪ ਸ਼ੋਅ ਟੀਮ ਇੰਡੀਆ ਦੀ ਪਰੇਸ਼ਾਨੀ ਵਧਾ ਗਿਆ। ਰਾਜਕੋਟ ਟੈਸਟ ਦੀ ਪਹਿਲੀ ਪਾਰੀ 'ਚ ਗੰਭੀਰ ਨੇ 29 ਅਤੇ ਦੂਜੀ ਪਾਰੀ 'ਚ 0 ਸਕੋਰ ਕੀਤਾ। ਪਹਿਲੀ ਪਾਰੀ 'ਚ ਤਾਂ ਗੰਭੀਰ ਨੇ ਚੰਗੀ ਸ਼ੁਰੂਆਤ ਕੀਤੀ। ਪਰ ਦੂਜੀ ਪਾਰੀ 'ਚ 310 ਰਨ ਦਾ ਪਿੱਛਾ ਕਰਦਿਆਂ ਗੰਭੀਰ ਦੇ ਬਿਨਾ ਖਾਤਾ ਖੋਲੇ ਪੈਵਲੀਅਨ ਪਰਤਣ ਨਾਲ ਟੀਮ ਦੀ ਮੁਸੀਬਤ ਵਧ ਗਈ ਸੀ। ਲੋਕੇਸ਼ ਰਾਹੁਲ ਦੇ ਫਿਟ ਹੋਣ ਤੋਂ ਬਾਅਦ ਉਨ੍ਹਾਂ ਦੇ ਟੀਮ 'ਚ ਵਾਪਸੀ ਦੇ ਆਸਾਰ ਵਧ ਗਏ ਹਨ। ਅਜਿਹੇ 'ਚ ਹੁਣ ਆਪਣੀ ਜਗ੍ਹਾ ਬਚਾਉਣ ਲਈ ਗੰਭੀਰ ਲਈ ਵੱਡਾ ਸਕੋਰ ਲਗਾਉਣਾ ਜਰੂਰੀ ਹੋ ਗਿਆ ਹੈ। 

  

 

ਨਿਊਜ਼ੀਲੈਂਡ ਖਿਲਾਫ ਇੰਦੌਰ 'ਚ ਦੂਜੇ ਟੈਸਟ ਤੋਂ ਪਹਿਲਾਂ ਗੰਭੀਰ ਨੇ ਟੀਮ ਇੰਡੀਆ ਲਈ ਆਖਰੀ ਟੈਸਟ ਮੈਚ ਇੰਗਲੈਂਡ ਖਿਲਾਫ ਸਾਲ 2014 'ਚ ਖੇਡਿਆ ਸੀ। ਇਸ ਮੈਚ 'ਚ ਗੰਭੀਰ ਨੇ ਪਹਿਲੀ ਪਾਰੀ 'ਚ 0 ਅਤੇ ਦੂਜੀ ਪਾਰੀ 'ਚ 3 ਰਨ ਬਣਾਏ ਸਨ। ਗੰਭੀਰ ਦੀ 2 ਸਾਲ ਬਾਅਦ ਟੀਮ ਇੰਡੀਆ 'ਚ ਐਂਟਰੀ ਹੋਈ ਹੈ। ਗੰਭੀਰ ਵੀ ਇਸੇ ਕੋਸ਼ਿਸ਼ 'ਚ ਹੋਣਗੇ ਕਿ ਇੰਗਲੈਂਡ ਖਿਲਾਫ ਆਖਰੀ ਮੌਕੇ ਮਿਲੀ ਨਾਕਾਮੀ ਦਾ ਬਦਲਾ ਇਸ ਵਾਰ ਵੱਡਾ ਸਕੋਰ ਹਾਸਿਲ ਕਰ ਪੂਰਾ ਕੀਤਾ ਜਾਵੇ। ਪਰ ਗੰਭੀਰ ਦੀ ਇਹ ਕੋਸ਼ਿਸ਼ ਰਾਜਕੋਟ 'ਚ ਨਾਕਾਮ ਰਹੀ। ਗੰਭੀਰ ਨੂੰ ਜਲਦੀ ਤੋਂ ਜਲਦੀ ਵੱਡਾ ਸਕੋਰ ਹਾਸਿਲ ਕਰਨ ਦੀ ਲੋੜ ਹੈ।