ਕਾਨਪੁਰ - ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਕਾਨਪੁਰ ਟੈਸਟ ਦੇ ਦੂਜੇ ਦਿਨ ਕੇਨ ਵਿਲੀਅਮਸਨ ਦੀ ਕਿਸਮਤ ਨੇ ਟੀਮ ਇੰਡੀਆ ਨੂੰ ਦੂਜਾ ਵਿਕਟ ਮਿਲਣ ਤੋਂ ਬਚਾ ਲਿਆ। ਮੈਚ ਦੌਰਾਨ ਕੁਝ ਅਜਿਹਾ ਹੋਇਆ ਜੋ ਕ੍ਰਿਕਟ ਦੀ ਖੇਡ 'ਚ ਬਹੁਤ ਘਟ ਵਾਰ ਵੇਖਣ ਨੂੰ ਮਿਲਿਆ ਹੈ। ਦਰਅਸਲ ਅਸ਼ਵਿਨ ਦੀ ਇੱਕ ਗੇਂਦ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਚਕਮਾ ਦੇਕੇ ਸਟੰਪ 'ਤੇ ਜਾ ਲੱਗੀ ਪਰ ਫਿਰ ਵੀ ਵਿਲੀਅਮਸਨ ਆਊਟ ਹੋਣੋ ਬਚ ਗਏ। ਵਜ੍ਹਾ ਇਹ ਸੀ ਕਿ ਸਟੰਪ 'ਤੇ ਗੇਂਦ ਲੱਗਣ ਦੇ ਬਾਵਜੂਦ ਬੇਲ ਨਹੀਂ ਡਿੱਗੀ। ਟੀਮ ਇੰਡੀਆ ਲਈ ਇਹ ਬਰਦਾਸ਼ਤ ਕਰਨਾ ਕਾਫੀ ਮੁਸ਼ਕਿਲ ਸੀ ਕਿਉਂਕਿ ਇਸਤੋਂ ਬਾਅਦ ਦਿਨ ਦਾ ਖੇਡ ਖਤਮ ਹੋਣ ਤਕ ਨਿਊਜ਼ੀਲੈਂਡ ਨੇ ਕੋਈ ਹੋਰ ਵਿਕਟ ਨਹੀਂ ਗਵਾਇਆ।
ਇਹ ਕਾਰਨਾਮਾ ਮੈਚ ਦੇ 34ਵੇਂ ਓਵਰ 'ਚ ਹੋਇਆ। 34ਵੇਂ ਓਵਰ ਦੀ ਚੌਥੀ ਗੇਂਦ 'ਤੇ ਅਸ਼ਵਿਨ ਨੇ ਇੱਕ ਫਲਾਈਟ ਕਰਵਾਈ ਹੋਈ ਗੇਂਦ ਸੁੱਟੀ। ਵਿਲੀਅਮਸਨ ਗੇਂਦ ਖੇਡ ਨਹੀਂ ਸਕੇ ਅਤੇ ਗੇਂਦ ਉਨ੍ਹਾਂ ਦੀ ਹੈਲਮੈਟ 'ਤੇ ਜਾ ਲੱਗੀ। ਇਸਤੋਂ ਬਾਅਦ ਗੇਂਦ ਪਿੱਛੇ ਜਾਕੇ ਵਿਕਟ ਨਾਲ ਟਕਰਾਈ ਪਰ ਇਸਦੇ ਬਾਵਜੂਦ ਬੇਲ ਨਹੀਂ ਡਿੱਗੀ ਅਤੇ ਵਿਲੀਅਮਸਨ ਆਊਟ ਹੋਣੋ ਬਚ ਗਏ। ਕੁਝ ਲੋਕ ਇਸਨੂੰ ਅਸ਼ਵਿਨ ਦੀ ਅਤੇ ਟੀਮ ਇੰਡੀਆ ਦੀ ਬਦਕਿਸਮਤੀ ਦਸ ਰਹੇ ਹਨ ਪਰ ਅਜਿਹਾ ਪਹਿਲਾਂ ਵੀ ਵੇਖਣ ਨੂੰ ਮਿਲਿਆ ਹੈ। ਹਾਲਾਂਕਿ ਅਜਿਹਾ ਬਹੁਤ ਘਟ ਵਾਰ ਹੁੰਦਾ ਹੈ।
ਜਦ ਇਹ ਪੂਰਾ ਕਾਰਨਾਮਾ ਹੋਇਆ ਤਾਂ ਉਸ ਵੇਲੇ ਵਿਲੀਅਮਸਨ 39 ਰਨ ਬਣਾ ਕੇ ਖੇਡ ਰਹੇ ਸਨ। ਦਿਨ ਦਾ ਖੇਡ ਮੀਂਹ ਨਾਲ ਪ੍ਰਭਾਵਿਤ ਹੋਣ ਕਾਰਨ ਜਲਦੀ ਖਤਮ ਹੋ ਗਿਆ। ਦਿਨ ਦਾ ਖੇਡ ਖਤਮ ਹੋਣ ਤਕ ਕਪਤਾਨ ਵਿਲੀਅਮਸਨ 65 ਰਨ ਬਣਾ ਕੇ ਮੈਦਾਨ 'ਤੇ ਟਿਕੇ ਹੋਏ ਸਨ।