ਨਾਰਥ ਸਾਊਂਡ: ਭਾਰਤ ਤੇ ਇੰਗਲੈਂਡ ਦੀਆਂ ਮਹਿਲਾ ਕ੍ਰਿਕਟ ਟੀਮਾਂ ਵਿਚਾਲੇ ਖੇਡੇ ਜਾ ਰਹੇ ਵਿਸ਼ਵ ਕੱਪ ਟੀ-20 ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਇੰਗਲੈਂਡ ਨੂੰ ਜਿੱਤ ਲਈ 113 ਦੌੜਾਂ ਦਾ ਟੀਚਾ ਦਿੱਤਾ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਚੰਗੀ ਸ਼ੁਰੂਆਤ ਨੂੰ ਖਰਾਬ ਅੰਤ ਵਿੱਚ ਤਬਦੀਲ ਕਰ ਦਿੱਤਾ। ਪੂਰੇ ਟੂਰਨਾਮੈਂਟ ਦੌਰਾਨ ਧਮਾਕੇਦਾਰ ਖੇਡ ਦਾ ਮੁਜ਼ਾਹਰਾ ਕਰਨ ਵਾਲੀ ਟੀਮ ਇੰਡੀਆ ਨੇ ਸੈਮੀਫਾਈਨਲ ਮੁਕਾਬਲੇ ਦੀ ਆਪਣੀ ਪਾਰੀ ਦੇ ਆਖਰੀ 5 ਓਵਰਾਂ ਦੌਰਾਨ ਬੇਹੱਦ ਨਿਰਾਸ਼ਾਜਨਕ ਖੇਡ ਵਿਖਾਈ। ਟੀਮ ਨੇ ਆਖਰੀ 4.3 ਓਵਰਾਂ ਦੌਰਾਨ 19 ਦੌੜਾਂ ਬਣਾਈਆਂ ਤੇ ਇਸ ਦੌਰਾਨ ਟੀਮ ਨੇ 7 ਵਿਕਟ ਗਵਾ ਦਿੱਤੇ।


ਪਹਿਲੇ 15 ਓਵਰ ਟੀਮ ਇੰਡੀਆ ਦੇ ਨਾਮ

ਮੁਕਾਬਲੇ ਵਿੱਚ ਭਾਰਤ ਨੇ ਚੰਗੀ ਸ਼ੁਰੂਆਤ ਕੀਤੀ ਤੇ ਸਮ੍ਰਿਤੀ ਮੰਦਾਨਾ ਤੇ ਤਾਨੀਆ ਭਾਟਿਆ ਨੇ ਮਿਲ ਕੇ ਪਹਿਲੇ ਵਿਕਟ ਲਈ 6 ਓਵਰਾਂ ਵਿੱਚ 43 ਰਨ ਜੋੜੇ। ਸਮ੍ਰਿਤੀ ਮੰਦਾਨਾ 23 ਗੇਂਦਾਂ 'ਤੇ 5 ਚੌਕੇ ਤੇ ਇੱਕ ਛੱਕੇ ਦੀ ਮਦਦ ਨਾਲ 34 ਰਨ ਬਣਾ ਕੇ ਆਊਟ ਹੋਈ। ਇਸ ਤੋਂ ਬਾਅਦ ਭਾਰਤ ਨੂੰ ਦੂਜਾ ਝਟਕਾ 53 ਰਨ ਦੇ ਸਕੋਰ 'ਤੇ ਲੱਗਿਆ ਜਦ ਤਾਨੀਆ ਭਾਟਿਆ 11 ਰਨ ਦਾ ਯੋਗਦਾਨ ਪਾ ਕੇ ਪੈਵੇਲੀਅਨ ਪਰਤ ਗਈ।

ਫੇਰ ਜੇਮਿਮਾ ਰੋਡਰਿਗਸ (26 ਰਨ) ਨੇ ਭਾਰਤੀ ਸਕੋਰ ਨੂੰ ਅੱਗੇ ਵਧਾਉਣ ਵਿੱਚ ਮਦਦ ਕੀਤੀ। ਉਨ੍ਹਾਂ ਨਾਲ ਮੈਦਾਨ 'ਤੇ ਕਪਤਾਨ ਹਰਮਨਪ੍ਰੀਤ ਕੌਰ ਟਿਕੀ ਹੋਈ ਸੀ। 15 ਓਵਰਾਂ ਤੋਂ ਬਾਅਦ ਭਾਰਤੀ ਟੀਮ ਨੇ 3 ਵਿਕਟ ਗਵਾ ਕੇ 93 ਰਨ ਬਣਾ ਲਏ ਸਨ। ਟੀਮ ਇੰਡੀਆ ਨੂੰ ਮਜਬੂਤ ਬੁਨਿਆਦ ਮਿਲ ਗਈ ਤੇ ਹੁਣ ਲੋੜ ਸੀ ਧਮਾਕੇਦਾਰ ਅੰਤ ਦੀ।

ਆਖਰੀ 5 ਓਵਰਾਂ 'ਚ ਵਿਗੜਿਆ ਖੇਡ

ਭਾਰਤੀ ਟੀਮ ਆਖਰੀ ਓਵਰਾਂ ਦੌਰਾਨ ਤੇਜੀ ਨਾਲ ਰਨ ਬਣਾਉਣ ਦੀ ਕੋਸ਼ਿਸ਼ ਵਿਚ ਸੀ, ਪਰ ਇੰਗਲੈਂਡ ਦੀਆਂ ਖਿਡਾਰਨਾਂ ਦੇ ਮਨਸੂਬੇ ਕੁਝ ਹੋਰ ਹੀ ਸੀ। ਇੰਗਲੈਂਡ ਦੀਆਂ ਗੇਂਦਬਾਜ ਭਾਰਤੀ ਖਿਡਾਰਨਾਂ ਦੇ ਵਿਕਟ ਹਾਸਿਲ ਕਰਨ ਦੇ ਮੂਡ ਵਿੱਚ ਸਨ। ਇਸ ਵਿੱਚ ਭਾਰਤੀ ਖਿਡਾਰਨਾਂ ਨੇ ਵੀ ਇੰਗਲੈਂਡ ਦਾ ਪੂਰਾ ਸਾਥ ਦਿੱਤਾ, ਤੇ ਟੀਮ ਦੀਆਂ ਤਿੰਨ ਖਿਡਾਰਨਾਂ ਨੇ ਰਨ ਆਊਟ ਹੋ ਕੇ ਆਪਣੇ ਵਿਕਟ ਗਵਾਏ। ਨਤੀਜਨ ਭਾਰਤੀ ਟੀਮ 19.3 ਓਵਰਾਂ ਵਿੱਚ 112 ਰਨ ਤੇ ਆਲ ਆਊਟ ਹੋ ਗਈ। ਆਖਰੀ 4.3 ਓਵਰਾਂ ਦੌਰਾਨ ਭਾਰਤੀ ਟੀਮ ਨੇ 19 ਰਨ ਬਣਾਏ ਤੇ 7 ਵਿਕਟ ਗਵਾ ਦਿੱਤੇ।