ਨਵੀਂ ਦਿੱਲੀ - ਸੁਸ਼ੀਲ ਕੁਮਾਰ ਦੀ PWL ਦੇ ਦੂਜੇ ਸੀਜ਼ਨ ਦਾ ਹਿੱਸਾ ਬਣਨਾ ਕਾਫੀ ਮੁਸ਼ਕਿਲ ਲਗ ਰਿਹਾ ਹੈ। ਸੁਸ਼ੀਲ ਦੇ ਖੇਡਣ 'ਤੇ ਸਸਪੈਂਸ ਚਲ ਰਿਹਾ ਹੈ ਅਤੇ ਇਸੇ ਵਿਚਾਲੇ ਹੁਣ ਖਬਰਾਂ ਹਨ ਕਿ ਯੋਗੇਸ਼ਵਰ ਦੱਤ ਵੀ PWL ਤੋਂ ਬਾਹਰ ਹੋ ਸਕਦੇ ਹਨ। ਜੇਕਰ ਇਹ ਦੋਨੇ ਭਲਵਾਨ ਪ੍ਰੋ ਰੈਸਲਿੰਗ ਲੀਗ 'ਚ ਨਾ ਖੇਡੇ ਤਾਂ ਲੀਗ ਦੀ ਚਮਕ ਘਟਣਾ ਪੱਕਾ ਹੈ। ਪ੍ਰੋ ਰੈਸਲਿੰਗ ਲੀਗ ਦੇਸ਼ ਦੇ 8 ਸ਼ਹਿਰਾਂ 'ਚ ਖੇਡੀ ਜਾਵੇਗੀ। ਇਹ ਲੀਗ 15 ਦਿਸੰਬਰ ਨੂੰ ਸ਼ੁਰੂ ਹੋਣ ਜਾ ਰਹੀ ਹੈ ਅਤੇ ਲੀਗ ਦੇ ਮੁਕਾਬਲੇ 31 ਦਿਨ ਚੱਲਣਗੇ। 

 

 

ਪਿਛਲੇ ਸਾਲ ਹਰਿਆਣਾ ਫਰੈਂਚਾਇਜੀ ਦੀ ਕਮਾਨ ਸੰਭਾਲਣ ਵਾਲੇ ਲੰਡਨ ਓਲੰਪਿਕਸ ਦੇ ਕਾਂਸੀ ਦਾ ਤਗਮਾ ਜੇਤੂ ਯੋਗੇਸ਼ਵਰ ਦੱਤ ਦਾ ਇਸ ਸਾਲ ਲੀਗ 'ਚ ਹਿੱਸਾ ਲੈਣਾ ਮੁਸ਼ਕਿਲ ਹੈ। ਯੋਗੇਸ਼ਵਰ ਦੱਤ ਦਾ ਜਨਵਰੀ 2017 'ਚ ਵਿਆਹ ਹੋਣਾ ਹੈ ਅਤੇ ਇਸੇ ਕਾਰਨ ਯੋਗੇਸ਼ਵਰ ਦੱਤ ਦੇ ਲੀਗ ਖੇਡਣ 'ਤੇ ਸਸਪੈਂਸ ਬਣਿਆ ਹੋਇਆ ਹੈ। 

  

 

ਇਸ ਮਾਮਲੇ 'ਚ ਯੋਗੇਸ਼ਵਰ ਦੱਤ ਨੇ ਖੁਦ ਵੀ ਲੀਗ ਦਾ ਹਿੱਸਾ ਬਣਨ ਦੇ ਆਸਾਰ ਬਾਰੇ ਗਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਖੇਡਣ ਦੇ ਆਸਾਰ ਘਟ ਹਨ। ਯੋਗੇਸ਼ਵਰ ਦੱਤ ਨੇ ਦੱਸਿਆ ਕਿ 'PWL ਦਾ ਹਿੱਸਾ ਬਣਨਾ ਮੇਰੇ ਲਈ ਕਾਫੀ ਮੁਸ਼ਕਿਲ ਹੈ। ਲੀਗ ਦਿਸੰਬਰ 'ਚ ਹੋਣੀ ਹੈ ਅਤੇ ਮੇਰਾ ਵਿਆਹ ਜਨਵਰੀ 'ਚ ਹੋਣਾ ਹੈ। ਅਜੇ ਮੈਂ ਲੀਗ ਤੋਂ ਬਾਹਰ ਨਹੀਂ ਹੋਇਆ ਪਰ ਮੇਰੇ ਖੇਡਣ ਦੇ ਆਸਾਰ ਘਟ ਹਨ।' 

  

 

ਨਰਸਿੰਘ ਯਾਦਵ, ਸੁਸ਼ੀਲ ਕੁਮਾਰ ਅਤੇ ਯੋਗੇਸ਼ਵਰ ਦੱਤ ਦੇ ਲੀਗ 'ਚ ਹਿੱਸਾ ਨਾ ਲੈਣ ਕਾਰਨ ਲੀਗ ਦਾ ਰੋਮਾਂਚ ਘਟਣ ਦਾ ਫਿਕਰ ਲੀਗ ਦੇ ਪ੍ਰਬੰਧਕਾਂ ਨੂੰ ਜਰੂਰ ਸਤਾ ਰਿਹਾ ਹੋਵੇਗਾ।