ਨਵੀਂ ਦਿੱਲੀ - 'ਦ ਕਪਿਲ ਸ਼ਰਮਾ ਸ਼ੋਅ' 'ਚ ਫਿਲਮੀ ਹਸਤੀਆਂ ਤਾਂ ਆਮ ਤੌਰ 'ਤੇ ਵੇਖਣ ਨੂੰ ਮਿਲਦੀਆਂ ਹੀ ਹਨ। ਪਰ ਨਾਲ ਹੀ ਹੁਣ ਇਸ ਸ਼ੋਅ 'ਤੇ ਖਿਡਾਰੀਆਂ ਦਾ ਆਉਣ-ਜਾਣ ਵੀ ਲੱਗਿਆ ਰਹਿੰਦਾ ਹੈ। ਕਪਿਲ ਦੇ ਸ਼ੋਅ 'ਤੇ ਲੇਟੈਸਟ ਐਂਟਰੀ ਕ੍ਰਿਕਟਰ ਯੁਵਰਾਜ ਸਿੰਘ ਨੇ ਕੀਤੀ। ਯੁਵੀ ਨੇ ਮੰਗੇਤਰ ਹੇਜ਼ਲ ਕੀਚ ਨਾਲ ਕਪਿਲ ਸ਼ਰਮਾ ਦੇ ਸ਼ੋਅ 'ਚ ਸ਼ਿਰਕਤ ਕੀਤੀ ਅਤੇ ਦੋਨਾ ਨੇ ਖੂਬ ਮਸਤੀ ਕੀਤੀ। ਖਾਸ ਗੱਲ ਇਹ ਹੈ ਕਿ ਸ਼ੋਅ 'ਚ ਯੁਵੀ ਨੇ ਆਪਣੀ ਮੰਗੇਤਰ ਹੇਜ਼ਲ ਕੀਚ ਨਾਲ ਪਹਿਲੀ ਡੇਟ ਦਾ ਰਾਜ਼ ਵੀ ਖੋਲਿਆ ਹੈ। ਯੁਵਰਾਜ ਸਿੰਘ ਦੇ ਫੈਨਸ ਨੂੰ ਇਹ ਸ਼ੋਅ ਯਕੀਨੀ ਤੌਰ 'ਤੇ ਬੇਹਦ ਪਸੰਦ ਆਉਣ ਵਾਲਾ ਹੈ। ਯੁਵੀ ਦੇ ਫੈਨਸ ਨੂੰ ਯੁਵੀ ਦੀ 'ਲਵ-ਲਾਈਫ' ਨਾਲ ਜੁੜੇ ਕਈ ਸਵਾਲਾਂ ਦੇ ਜਵਾਬ ਇਸ ਸ਼ੋਅ 'ਚ ਮਿਲ ਸਕਦੇ ਹਨ।
ਕੁਝ ਵੈਬਸਾਈਟਸ 'ਤੇ ਆਈਆਂ ਖਬਰਾਂ ਅਨੁਸਾਰ ਯੁਵਰਾਜ ਸਿੰਘ ਨੇ ਇਸ ਸ਼ੋਅ ਦੌਰਾਨ ਦੱਸਿਆ ਹੈ ਕਿ ਉਨ੍ਹਾਂ ਨੂੰ ਹੇਜ਼ਲ ਕੀਚ ਨੂੰ ਡੇਟ 'ਤੇ ਲੈ ਜਾਣ ਲਈ 3 ਸਾਲ ਇੰਤਜ਼ਾਰ ਕਰਨਾ ਪਿਆ ਸੀ। ਯੁਵੀ ਨੇ ਦੱਸਿਆ ਕਿ ਹੇਜ਼ਲ ਕੀਚ ਕੌਫੀ ਲਈ ਮੰਨ ਜਾਂਦੀ ਸੀ ਪਰ ਜਿਸ ਦਿਨ ਮਿਲਣਾ ਹੁੰਦਾ ਸੀ ਤਾਂ ਓਹ ਆਪਣਾ ਫੋਨ ਬੰਦ ਕਰ ਦਿੰਦੀ ਸੀ। ਇਸਤੋਂ ਬਾਅਦ ਯੁਵੀ ਨੇ ਹੇਜ਼ਲ ਨੂੰ ਇੱਕ ਦੋਸਤ ਜਰੀਏ ਮਿਲਣ ਦੀ ਕੋਸ਼ਿਸ਼ ਕੀਤੀ। ਕੁਝ ਸਮਾਂ ਇਕੱਠੇ ਬਿਤਾਉਣ ਤੋਂ ਬਾਅਦ ਹੇਜ਼ਲ ਨੇ ਯੁਵੀ ਦਾ ਪਰਪੋਜ਼ ਮਨਜੂਰ ਕਰ ਲਿਆ।
ਸ਼ੂਟ ਤੋਂ ਬਾਅਦ ਯੁਵਰਾਜ ਸਿੰਘ ਨੇ ਆਪਣੇ ਫੈਨਸ ਨੂੰ ਇਹ ਸ਼ੋਅ ਵੇਖਣ ਲਈ ਸੁਨੇਹਾ ਵੀ ਦਿੱਤਾ ਸੀ ਅਤੇ ਆਪਣੀ ਅਤੇ ਮੰਗੇਤਰ ਹੇਜ਼ਲ ਕੀਚ ਦੀ ਫੈਨਸ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ। ਯੁਵਰਾਜ ਸਿੰਘ ਨੇ ਆਪਣੇ ਫੇਸਬੁਕ ਪੇਜ 'ਤੇ ਆਪਣੀ ਅਤੇ ਹੇਜ਼ਲ ਕੀਚ ਦੀ ਤਸਵੀਰ ਸਾਂਝੀ ਕੀਤੀ ਅਤੇ ਦੱਸਿਆ ਕਿ ਦੋਨਾ ਨੇ ਕਪਿਲ ਦੇ ਸ਼ੋਅ 'ਤੇ ਖੂਬ ਮਸਤੀ ਕੀਤੀ ਹੈ ਅਤੇ ਇਹ ਸ਼ੋਅ 24 ਸਿਤੰਬਰ ਨੂੰ ਆਵੇਗਾ।
Dinner time after Kapil's show! What a laugh! Enjoy it on the 24th 9pm, Saturday #doitagain #ywcfashion 🏽🏻
ਯੁਵਰਾਜ ਸਿੰਘ ਦੀ ਫੈਸ਼ਨ ਲਾਈਨ 'YWC ਫੈਸ਼ਨ' ਦਾ ਹਾਲ 'ਚ ਲਾਜਵਾਬ ਲੌਂਚ ਹੋਇਆ ਸੀ। ਇਸ ਲੌਂਚ ਪਾਰਟੀ 'ਤੇ ਸਿਤਾਰਿਆਂ ਦੀ ਝੜੀ ਲੱਗੀ ਹੋਈ ਸੀ ਅਤੇ ਕਈ ਦਿੱਗਜ ਬਾਲੀਵੁਡ ਹਸਤੀਆਂ ਅਤੇ ਕ੍ਰਿਕਟਰ ਇਸ ਸ਼ਾਮ ਦਾ ਹਿੱਸਾ ਬਣੇ ਸਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਯੁਵੀ ਆਪਣੇ ਬਰੈਂਡ ਬਾਰੇ ਦਰਸ਼ਕਾਂ ਨੂੰ ਵਧੇਰੇ ਜਾਣਕਾਰੀ ਦੇਣ ਅਤੇ ਇਸਦੀ ਪਰਮੋਸ਼ਨ ਲਈ ਕਪਿਲ ਦੇ ਸ਼ੋਅ 'ਤੇ ਪਹੁੰਚੇ ਹੋਣ। ਪਰ ਇੱਕ ਗਲ ਪੱਕੀ ਹੈ ਕਿ ਯੁਵੀ-ਹੇਜ਼ਲ ਅਤੇ ਕਪਿਲ ਦੀ ਟੀਮ ਦਾ ਸ਼ੋਅ ਯੁਵੀ ਦੇ ਫੈਨਸ ਮਿਸ ਨਹੀਂ ਕਰਨਗੇ।