ਚੰਡੀਗੜ੍ਹ: ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਯੁਵਰਾਜ ਸਿੰਘ ਇਨ੍ਹੀਂ ਦਿਨੀਂ ਮੀਡੀਆ ’ਚ ਚਰਚਾ ਦਾ ਕੇਂਦਰ ਬਣੇ ਹੋਏ ਹਨ। ਸਈਅਦ ਮੁਸ਼ਤਾਕ ਅਲੀ ਟ੍ਰਾਫ਼ੀ ’ਚ ਯੁਵਰਾਜ ਨੂੰ ਪੰਜਾਬ ਦੇ ਸੰਭਾਵੀ 30 ਖਿਡਾਰੀਆਂ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ ਪਰ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਨੇ ਉਨ੍ਹਾਂ ਨੂੰ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ। ਹੁਣ ਉਹ ਫਿਰ ਖ਼ਬਰਾਂ ’ਚ ਹਨ ਪਰ ਇਸ ਵਾਰ ਉਹ ਆਪਣੀ ਸਪੋਰਟਸ ਕਾਰ ਕਾਰਣ ਚਰਚਾ ’ਚ ਹਨ।
ਯੁਵਰਾਜ ਸਿੰਘ ਨੂੰ ਮਹਿੰਗੀਆਂ ਗੱਡੀਆਂ ਚਲਾਉਣ ਦਾ ਸ਼ੌਕ ਹੈ। ਉਨ੍ਹਾਂ ਕੋਲ ਕਈ ਅਜਿਹੀਆਂ ਕਾਰਾਂ ਹਨ। ਹੁਣ ਉਨ੍ਹਾਂ ਇੰਗਲੈਂਡ ਦੀ ਕੰਪਨੀ ਮਿੰਨੀ ਕੂਪਰ ਦੀ ਕੰਟ੍ਰੀਮੈਨ ਸਪੋਰਟਸ ਕਾਰ ਖ਼ਰੀਦੀ ਹੈ; ਜਿਸ ਦੀ ਕੀਮਤ 42.4 ਲੱਖ ਰੁਪਏ ਹੈ। ਇਸ ਕਾਰ ਦੀ ਸਪੀਡ ਇਸ ਦੀ ਵੱਡੀ ਖ਼ਾਸੀਅਤ ਹੈ। ਇਹ ਸਿਰਫ਼ 7.5 ਸੈਕੰਡਾਂ ’ਚ 100 ਕਿਲੋਮੀਟਰ ਦੀ ਸਪੀਡ ਫੜ ਲੈਂਦੀ ਹੈ।
ਮਿੰਨੀ ਕੂਪਰ ਦੀ ਕੰਟ੍ਰੀਮੈਨ ਕਾਰ ਦੇ ਦੋ ਵੇਰੀਐਂਟ ਬਾਜ਼ਾਰ ’ਚ ਹਨ। ਇੱਕ ਦੀ ਕੀਮਤ 38.5 ਲੱਖ ਰੁਪਏ ਹੈ; ਜੋ 2.0 ਲਿਟਰ ਪੈਟਰੋਲ ਇੰਜਣ ਹੈ। ਇਹ ਇੰਜਣ 1,350 ਚੱਕਰ ਪ੍ਰਤੀ ਮਿੰਟ ਲਾਉਂਦਾ ਹੈ, ਜਿਸ ਨਾਲ 192ps ਦੀ ਤਾਕਤ ਤੇ 230nm ਦੀ ਪੀਕ ਟੌਰਕ ਜੈਨਰੇਟ ਹੁੰਦੀ ਹੈ।
ਇਸ ਕਾਰ ਨੂੰ 8–ਸਪੀਡ ਆਟੋਮੈਟਿਕ ਸਟੈੱਪਟ੍ਰੌਨਿਕ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ।
ਯੁਵਰਾਜ ਸਿੰਘ ਕੋਲ ਪਹਿਲਾਂ ਬੀਐਮਡਬਲਿਊ ਐਮ 5 ਈ60, ਬੀਐੱਮਡਬਲਿਵੂ ਐਕਸ 60ਐੱਮ, ਔਡੀ Q5, ਲੈਂਬੋਰਗਿਨੀ ਮਰਸੀਲਗੋ ਅਤੇ ਬੈਂਟਲੇ ਕੌਂਟੀਨੈਂਟਲ GT ਜਿਹੀਆਂ ਸ਼ਾਨਦਾਰ ਕਾਰਾਂ ਹਨ।