ਨਵੀਂ ਦਿੱਲੀ: ਈ-ਕੌਮਰਸ ਕੰਪਨੀਆਂ ਕੋਰੋਨਵਾਇਰਸ ਦੇ ਪ੍ਰਕੋਪ ਦੇ ਦੌਰਾਨ ਆਪਣੇ ਪਲੇਟਫਾਰਮਸ ਤੇ ਹੈਂਡ ਸੈਨੀਟਾਈਜ਼ਰ ਤੇ ਮਾਸਕ ਦੀ ਘਾਟ ਤੇ ਕੀਮਤਾਂ ਵਿੱਚ ਵਾਧੇ ਨੂੰ ਰੋਕਣ ਲਈ ਸੰਘਰਸ਼ ਕਰ ਰਹੀਆਂ ਹਨ।



ਅਲੋਚਨਾ ਦੇ ਜਵਾਬ ਵਿੱਚ ਐਮਾਜ਼ਾਨ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਹ ਕੋਵਿਡ-19 ਨਾਲ ਜੁੜੇ ਘਟਨਾਕ੍ਰਮ ਦੀ ਨਿਰੰਤਰ ਨਿਗਰਾਨੀ ਕਰ ਰਿਹਾ ਹੈ ਤੇ ਲੋੜ ਅਨੁਸਾਰ “ਢੁਕਵੇਂ ਕਦਮ” ਉਠਾਏਗਾ।



ਐਮਾਜ਼ਾਨ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ, “ਅਸੀਂ ਨਿਰਾਸ਼ ਹਾਂ ਕਿ ਕੁਝ ਵਿਕਰੇਤਾ ਵਿਸ਼ਵ ਪੱਧਰੀ ਮਹਾਮਾਰੀ ਦੌਰਾਨ ਬੁਨਿਆਦੀ ਲੋੜ ਵਾਲੇ ਉਤਪਾਦਾਂ ਉੱਤੇ ਜਾਣ ਬੁੱਝਕੇ ਕੀਮਤਾਂ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਡੀ ਨੀਤੀ ਦੇ ਅਨੁਸਾਰ, ਅਸੀਂ ਆਪਣੀ ਮਾਰਕੀਟਪਲੇਸ ਉੱਤੇ ਸਰਗਰਮੀ ਨਾਲ ਨਿਗਰਾਨੀ ਰੱਖ ਰਹੇ ਹਾਂ ਅਤੇ ਐਮਆਰਪੀ ਤੋਂ ਉਪਰ ਅਜਿਹੇ ਉਤਪਾਦ ਵੇਚਣ ਵਾਲੇ ਵਿਕਰੇਤਾਵਾਂ ਵਿਰੁੱਧ ਲੋੜੀਂਦੀ ਕਾਰਵਾਈ (ਪੇਸ਼ਕਸ਼ਾਂ ਨੂੰ ਹਟਾਉਣ ਸਮੇਤ) ਕਰਾਂਗੇ, ਜੋ ਭਾਰਤੀ ਕਾਨੂੰਨਾਂ ਦੀ ਉਲੰਘਣਾ ਵੀ ਹੈ। ”






ਐਮਾਜ਼ਾਨ ਇੰਡੀਆ, ਹਾਲਾਂਕਿ ਇਕਲੌਤਾ ਈ-ਕੌਮਰਸ ਪਲੇਟਫਾਰਮ ਨਹੀਂ ਹੈ।ਇਸ ਦੇ ਨਾਲ ਨਾਲ ਗ੍ਰੋਫਰਜ਼, ਬਿੱਗਬਸਕੇਟ ਅਤੇ ਫਲਿੱਪਕਾਰਟ ਵੀ ਇਸ ਸਮੱਸਿਆ ਨਾਲ ਜੂਝ ਰਹੇ ਹਨ। ਟਵਿੱਟਰ 'ਤੇ ਬਹੁਤ ਸਾਰੇ ਲੋਕਾਂ ਨੇ ਇਸ਼ਾਰਾ ਕੀਤਾ ਕਿ ਚੋਟੀ ਦੇ ਬ੍ਰਾਂਡਾਂ ਜਿਵੇਂ ਕਿ ਡੀਟੌਲ, ਲਾਈਫਬੁਏ, ਅਤੇ ਹਿਮਾਲਿਆ ਦੇ ਹੈਂਡ ਸੈਨੀਟਾਈਜ਼ਰ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਹਨ। ਕੁਝ ਵਿਕਰੇਤਾ ਤੁਲਨਾਤਮਕ ਤੌਰ 'ਤੇ ਘੱਟ ਜਾਣੇ ਜਾਂਦੇ ਬ੍ਰਾਂਡਾਂ ਤੋਂ ਸੈਨੀਟਾਈਜ਼ਰ ਵੇਚਦੇ ਹੋਏ ਉਨ੍ਹਾਂ ਦੀ ਅਸਲ ਕੀਮਤ ਨਾਲੋਂ ਬਹੁਤ ਜ਼ਿਆਦਾ ਕੀਮਤ' ਤੇ ਵੇਚਦੇ ਵੀ ਪਾਏ ਗਏ ਸਨ।