ਨਵੀਂ ਦਿੱਲੀ: ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਤੇ ਤਕਨੀਕੀ ਦੁਨੀਆ 'ਚ ਵੱਡਾ ਨਾਂ ਰੱਖਦੇ ਐਪਲ ਨੇ ਅਪ੍ਰੈਲ-ਜੂਨ ਦੀ ਤਿਮਾਹੀ 'ਚ ਉਮੀਦ ਤੋਂ ਵੱਧ ਕਮਾਇਆ। ਇਸ ਦੌਰਾਨ ਕੰਪਨੀ ਨੇ 53.3 ਬਿਲੀਅਨ ਡਾਲਰ ਦਾ ਰੈਵੇਨਿਊ ਤੇ 11.5 ਬਿਲੀਅਨ ਲਾਭ ਕਮਾਇਆ ਹੈ। ਭਾਰਤ 'ਚ ਐਪਲ ਪ੍ਰੋਡਕਟ ਦੀ ਵਿਕਰੀ 'ਚ ਗਿਰਾਵਟ ਤੋਂ ਬਾਅਦ ਇਹ ਅੰਕੜੇ ਸਾਹਮਣੇ ਆਏ ਹਨ। ਭਾਰਤ ਐਪਲ ਦੇ ਕੁੱਲ ਰੈਵੇਨਿਊ 'ਚ 5.9 ਫੀਸਦੀ ਦਾ ਯੋਗਦਾਨ ਪਾਉਂਦਾ ਹੈ।

ਆਬਾਦੀ ਦੇ ਮਾਮਲੇ 'ਚ ਦੂਜਾ ਸਭ ਤੋਂ ਵੱਡਾ ਦੇਸ਼ ਤੇ ਆਈਫੋਨ ਦੇ ਵਧਦੇ ਕ੍ਰੇਜ ਦੇ ਬਾਵਜੂਦ ਐਪਲ ਦੀ ਭਾਰਤ 'ਚ ਘੱਟਦੀ ਵਿਕਰੀ ਕੰਪਨੀ ਦੇ ਰੈਵੇਨਿਊ ਨੂੰ ਜ਼ਿਆਦਾ ਪ੍ਰਭਾਵਿਤ ਨਹੀਂ ਕਰਦੀ।

ਐਪਲ ਲਈ ਭਾਰਤ ਮਾਇਨੇ ਕਿਉਂ ਨਹੀਂ ਰੱਖਦਾ

ਭਾਰਤ 'ਚ ਐਪਲ ਦਾ ਬੈਸਟ ਸੇਲਿੰਗ ਮਾਡਲ ਆਈਫੋਨ 6 ਹੈ ਜਿਸ ਨੂੰ ਕੰਪਨੀ ਨੇ ਤਿੰਨ ਸਾਲ ਪਹਿਲਾਂ ਲਾਂਚ ਕੀਤਾ ਸੀ। ਇਹ ਮਾਡਲ ਕਈ ਦੇਸ਼ਾਂ 'ਚ ਬੰਦ ਕੀਤੇ ਜਾ ਚੁੱਕੇ ਹਨ। ਇਸ ਦੀ ਕੀਮਤ 30,000 ਰੁਪਏ ਹੈ ਜੋ ਐਪਲ ਦੇ ਹੋਰ ਪ੍ਰੋਡਕਟਸ ਦੇ ਮੁਕਾਬਲੇ ਕਾਫੀ ਘੱਟ ਹੈ। ਇਸ ਤਿਮਾਹੀ 'ਚ ਐਪਲ ਦੀ ਸੇਲ 'ਚ ਇੱਕ ਫੀਸਦੀ ਵਿਕਰੀ 'ਚ ਵਾਧਾ ਹੋਇਆ ਪਰ ਇਸ ਨਾਲ ਕੰਪਨੀ ਦੇ ਰੈਵੇਨਿਊ 'ਚ 20 ਫੀਸਦੀ ਦਾ ਇਜ਼ਾਫਾ ਹੋਇਆ ਹੈ। ਐਪਲ ਨੇ ਇਸ ਸਾਲ ਪ੍ਰੀਮੀਅਮ ਆਈਫੋਨ X ਦੀ ਵਿਕਰੀ ਕੀਤੀ ਜਿਸ ਦੀ ਭਾਰਤੀ ਬਾਜ਼ਾਰ 'ਚ ਕੀਮਤ 89,000 ਰੁਪਏ ਹੈ।

ਵਿਕਰੀ ਦੇ ਮਾਮਲੇ 'ਚ ਐਪਲ ਲਈ ਅਮਰੀਕਾ, ਚੀਨ, ਯੂਰਪ ਤੇ ਜਾਪਾਨ ਸਭ ਤੋਂ ਵੱਡੇ ਬਜ਼ਾਰ ਹਨ। ਭਾਰਤ 'ਚ ਐਪਲ ਨੇ ਆਪਣੀ ਵਿਕਰੀ ਰਣਨੀਤੀ 'ਚ ਹਾਲ ਹੀ 'ਚ ਬਦਲਾਅ ਕੀਤਾ ਤੇ ਆਪਣੇ ਡਿਸਟ੍ਰੀਬਿਊਟਰਸ ਦੇ ਮਾਮਲੇ 'ਚ ਬਦਲਾਅ ਕਰਦਿਆਂ ਕਈ ਰਿਟੇਲਰਸ ਨੂੰ ਬਾਹਰ ਕੀਤਾ ਹੈ।

ਐਪਲ ਦਾ ਦੂਜਾ ਸਭ ਤੋਂ ਵੱਡਾ ਆਮਦਨ ਸਾਧਨ ਹੈ ਐਪਲ ਸਟੋਰ ਤੋਂ ਖਰੀਦਦਾਰੀ। ਜਦੋਂ ਕੋਈ ਯੂਜ਼ਰ ਕੋਈ ਐਪ ਜਾਂ ਗੇਮ ਖਰੀਦਦਾ ਹੈ ਤਾਂ ਐਪਲ ਨੂੰ ਇਸ ਦੀ ਤੈਅ ਰਕਮ ਮਿਲਦੀ ਹੈ। ਭਾਰਤ 'ਚ ਸਿਰਫ 10 ਫੀਸਦੀ ਯੂਜ਼ਰ ਹੀ ਐਪ ਖਰੀਦਦੇ ਹਨ। ਅਜਿਹੇ 'ਚ ਐਪਲ ਨੂੰ ਭਾਰਤੀ ਬਜ਼ਾਰ 'ਚ ਕੁਝ ਖਾਸ ਫਾਇਦਾ ਨਹੀਂ ਹੁੰਦਾ।

ਸਾਈਬਰ ਮੀਡੀਆ ਦੀ ਰਿਪੋਰਟ ਮੁਤਾਬਕ ਭਾਰਤੀ ਸਮਾਰਟਫੋਨ ਬਾਜ਼ਾਰ 'ਚ 10,000 ਰੁਪਏ ਦੀ ਕੀਮਤ ਦੇ ਮੋਬਾਈਲਾਂ ਦਾ ਬੋਲਬਾਲਾ ਹੈ ਜਿਸ ਕਾਰਨ ਚੀਨੀ ਕੰਪਨੀਆਂ ਸ਼ਿਓਮੀ ਤੇ ਦੱਖਣੀ ਕੋਰੀਆਈ ਕੰਪਨੀ ਸੈਮਸੰਗ ਇਸ ਬਾਜ਼ਾਰ 'ਚ ਵੱਡੇ ਖਿਡਾਰੀ ਹਨ। ਦੱਸ ਦੇਈਏ ਕਿ ਐਪਲ ਦੀ ਕਮਾਈ ਇਕ ਟ੍ਰਿਲੀਅਨ ਡਾਲਰ ਤੱਕ ਪਹੁੰਚ ਚੁੱਕੀ ਹੈ।