ਐਪਲ ਦੀ ਸੈਲਫ਼ ਡਰਾਈਵਿੰਗ ਕਾਰ ਨਾਲ ਵਾਪਰਿਆ ਭਾਣਾ
ਏਬੀਪੀ ਸਾਂਝਾ | 02 Sep 2018 03:19 PM (IST)
ਸੈਨ ਫ੍ਰਾਂਸਿਸਕੋ: ਅਮਰੀਕਾ ਦੇ ਕੈਲੇਫੋਰਨੀਆ ਵਿੱਚ ਐਪਲ ਦੀ ਸੈਲਫ਼ ਡ੍ਰਾਈਵਿੰਗ ਕਾਰ ਦੁਰਘਟਨਾਗ੍ਰਸਤ ਹੋ ਗਈ ਹੈ। ਹਾਲਾਂਕਿ, ਦੁਰਘਟਨਾ ਵਿੱਚ ਕਾਰ ਨੂੰ ਥੋੜ੍ਹਾ ਹੀ ਨੁਕਸਾਨ ਪਹੁੰਚਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੈਲੇਫੋਰਨੀਆ ਦੇ ਮੋਟਰ-ਵਾਹਨ ਵਿਭਾਗ ਵਿੱਚ ਐਪਲ ਨੇ ਹੀ ਰਿਪੋਰਟ ਦਰਜ ਕਰਵਾਈ ਹੈ ਕਿ ਉਸ ਦੀ ਸੈਲਫ਼ ਡ੍ਰਾਈਵਿੰਗ ਕਾਰ ਹਫ਼ਤਾ ਪਹਿਲਾਂ ਦੁਰਘਟਨਾਗ੍ਰਸਤ ਹੋ ਗਈ ਸੀ। ਹਾਲਾਂਕਿ, ਅਜਿਹਾ ਨਹੀਂ ਲੱਗ ਕਾਰ ਦੀ ਟੱਕਰ ਹੋਣ ਵਿੱਚ ਐਪਲ ਜ਼ਿੰਮੇਵਾਰ ਹੈ, ਕਿਉਂਕਿ ਉਸ ਸਮੇਂ ਇਸ ਦਾ ਸਾਫ਼ਟਵੇਅਰ ਕੰਮ ਕਰ ਰਿਹਾ ਸੀ। ਐਪਲ ਫਿਲਹਾਲ ਕੈਲੇਫ਼ੋਰਨੀਆ ਵਿੱਚ ਕਈ ਲੈਕਸਸ ਐਸਯੂਵੀ ਦਾ ਪ੍ਰੀਖਣ ਕਰ ਰਿਹਾ ਹੈ। ਦੁਰਘਟਨਾ ਸਮੇਂ ਵਾਹਨ ਆਟੋਨੋਮਸ ਮੋਡ ਵਿੱਚ ਸੀ। ਵਿਸ਼ੇਸ਼ ਔਜ਼ਾਰ ਤੇ ਸੈਂਸਰ ਨਾਲ ਲੈੱਸ ਐਪਲ ਕਾਰ ਨੂੰ ਪਿੱਛੇ ਤੋਂ ਨਿਸਾਨ ਕਾਰ ਨੇ ਟੱਕਰ ਮਾਰ ਦਿੱਤੀ। ਰਿਪੋਰਟ ਮੁਤਾਬਕ, ਦੁਰਘਨਾ ਵਿੱਚ ਦੋਵੇਂ ਕਾਰਾਂ ਨੁਕਸਾਨੀਆਂ ਗਈਆਂ, ਪਰ ਕਿਸੇ ਵੀ ਸਵਾਰ ਨੂੰ ਸੱਟ ਨਹੀਂ ਵੱਜੀ। ਸੈਲਫ਼ ਡ੍ਰਾਈਵਿੰਗ ਕਾਰ ਨੂੰ ਭਵਿੱਖ ਵਿੱਚ ਸੁਰੱਖਿਅਤ ਯਾਤਰਾ ਕਰਨ ਦਾ ਸਾਧਨ ਮੰਨਿਆ ਜਾ ਰਿਹਾ ਹੈ। 18 ਮਾਰਚ ਨੂੰ ਐਰੀਜ਼ਨੋ ਦੀ ਇੱਕ ਔਰਤ ਉਬੇਰ ਦੀ ਸੈਲਫ਼ ਡ੍ਰਾਈਵਿੰਗ ਕਾਰ ਦੀ ਲਪੇਟ ਵਿੱਚ ਆ ਕੇ ਮਾਰੀ ਗਈ ਸੀ। ਇਸ ਤੋਂ ਪੰਜ ਦਿਨ ਬਾਅਦ ਟੈਸਲਾ ਦੇ ਮਾਡਲ ਐਕਸ ਵਾਹਨ ਦੀ ਹਾਈਵੇਅ ਬੈਰੀਅਰ ਨਾਲ ਟੱਕਰ ਵਿੱਚ ਅੱਗ ਲੱਗਣ ਕਾਰਨ ਮਾਲਕ ਦੀ ਮੌਤ ਹੋ ਗਈ ਸੀ।