ਕਾਰਾਂ ਹੋਈਆਂ ਮਹਿੰਗੀਆਂ, ਪਹਿਲੀ ਅਗਸਤ ਤੋਂ ਨਵੀਆਂ ਕੀਮਤਾਂ ਲਾਗੂ
ਏਬੀਪੀ ਸਾਂਝਾ | 31 Jul 2018 06:58 PM (IST)
ਚੰਡੀਗੜ੍ਹ: ਮਹਿੰਗੇ ਪੈਟਰੋਲ ਤੇ ਡੀਜ਼ਲ ਦਾ ਅਸਰ ਬਾਜ਼ਾਰ ਤੇ ਹੋਰ ਚੀਜ਼ਾਂ ਉੱਤੇ ਵੀ ਹੁੰਦਾ ਹੈ। ਭਾਰਤ ਦੇ ਆਟੋਮੋਬਾਈਲ ਬਾਜ਼ਾਰ ’ਤੇ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਭਾਰਤ ਦੀਆਂ ਕਈ ਆਟੋਮੋਬਾਈਲ ਕੰਪਨੀਆਂ ਪਹਿਲੀ ਅਗਸਤ ਤੋਂ ਆਪਣੀਆਂ ਕਾਰਾਂ ਦੀ ਕੀਮਤ ਵਿੱਚ ਵਾਧਾ ਕਰ ਰਹੀਆਂ ਹਨ। ਇਨ੍ਹਾਂ ਵਿੱਚ ਮਹਿੰਦਰਾ, ਹੁੰਡਾਈ, ਹੌਂਡਾ ਤੇ ਟਾਟਾ ਮੋਟਰਜ਼ ਸ਼ਾਮਲ ਹਨ। ਹੌਂਡਾ ਨੇ ਆਪਣੀਆਂ ਸਾਰੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਕੀਮਤਾਂ ਵਧਾਉਣ ਪਿੱਛੇ ਕਸਟਮ ਡਿਊਟੀ ਤੇ ਮਾਲ ਭਾੜੇ ਦੀਆਂ ਕੀਮਤਾਂ ਵਿੱਚ ਵਾਧਾ ਦੱਸਿਆ ਜਾ ਰਿਹਾ ਹੈ। ਕੰਪਨੀ ਦੇ ਇਸ ਫੈਸਲੇ ਨਾਲ ਕਾਰਾਂ ਦੀਆਂ ਕੀਮਤਾਂ ਵਿੱਚ 10 ਤੋਂ 35 ਹਜ਼ਾਰ ਰੁਪਏ ਤਕ ਦਾ ਵਾਧਾ ਹੋ ਸਕਦਾ ਹੈ। ਟਾਟਾ ਮੋਟਰਜ਼ ਨੇ ਪਹਿਲੀ ਅਗਸਤ ਤੋਂ ਆਪਣੇ ਹਰ ਮਾਡਲ ਦੀ ਕੀਮਤ ਵਿੱਚ 2.2 ਫੀਸਦੀ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਇਸ ਸਾਲ ਦੂਜੀ ਵਾਰ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਈਆਂ ਹਨ। ਇਸ ਤੋਂ ਪਹਿਲਾਂ ਵੀ ਕੰਪਨੀ ਭਾਰਤ ਵਿੱਚ ਆਪਣੇ ਪੈਸੇਂਜਰ ਵ੍ਹੀਲਜ਼ ਦੀਆਂ ਕੀਮਤਾਂ ਵਿੱਚ 60 ਹਜ਼ਾਰ ਰੁਪਏ ਤਕ ਦਾ ਵਾਧਾ ਕਰ ਚੁੱਕੀ ਹੈ। ਹੁੰਡਾਈ ਮੋਟਰਜ਼ ਇੰਡੀਆ ਨੇ ਆਪਣੇ ਸਭ ਤੋਂ ਵੱਧ ਵਿਕਣ ਵਾਲੀ ਕਾਰ ਗਰੈਂਡ ਆਈ-10 ਦੀ ਕੀਮਤ ਵਿੱਚ 3 ਫੀਸਦੀ ਵਾਧਾ ਕੀਤਾ ਹੈ। ਦਿੱਲੀ ਐਕਸ ਸ਼ੋਅਰੂਮ ਵਿੱਚ ਇਸ ਕਾਰ ਦੀ ਕੀਮਤ 4.73 ਲੱਖ ਤੋਂ ਲੈ ਕੇ 7.51 ਲੱਖ ਰੁਪਏ ਹੈ। ਕੰਪਨੀ ਅਗਲੇ ਸਾਲ ਗਰੈਂਡ ਆਈ-10 ਦਾ ਨਵਾਂ ਮਾਡਲ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਮਹਿੰਦਰਾ ਐਂਡ ਮਹਿੰਦਰਾ ਨੇ ਵੀ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਿੱਚ 2 ਫੀਸਦੀ ਤਕ ਦੀ ਇਜ਼ਾਫਾ ਕੀਤਾ ਹੈ। ਇਸ ਕਾਰਨ ਹੁਣ ਟਾਟਾ ਦੀਆਂ ਕੀਮਤਾਂ ਵਿੱਚ 30 ਹਜ਼ਾਰ ਰੁਪਏ ਤਕ ਵਾਧਾ ਹੋ ਜਾਏਗਾ। ਹਾਲ ਹੀ ਵਿੱਚ ਕੰਪਨੀ ਨੇ ਆਪਣੀ XUV 500 ਦਾ ਅਪਗਰੇਡਿਡ ਮਾਡਲ ਬਾਜ਼ਾਰ ਵਿੱਚ ਉਤਾਰਿਆ ਹੈ।