ਨਵੀਂ ਦਿੱਲੀ: ਦੇਸ਼ 'ਚ ਅੱਜ 15 ਜਨਵਰੀ ਤੋਂ ਦੂਰਸੰਚਾਰ ਦੇ ਖੇਤਰ 'ਚ ਖਾਸ ਬਦਲਾਅ ਹੋਇਆ ਹੈ। ਦਰਅਸਲ ਅੱਜ 15 ਜਨਵਰੀ ਤੋਂ ਲੈਂਡਲਾਈਨ ਤੋਂ ਮੋਬਾਈਲ 'ਤੇ ਕਾਲ ਕਰਦਿਆਂ ਸਮੇਂ ਪਹਿਲਾਂ ਜ਼ੀਰੋ ਲਾਉਣਾ ਹੋਵੇਗਾ। ਦੂਰਸੰਚਾਰ ਵਿਭਾਗ ਨੇ ਹਾਲ ਹੀ 'ਚ ਲੈਂਡਲਾਈਨ ਤੋਂ ਮੋਬਾਈਲ ਨੰਬਰ ਡਾਇਲ ਕਰਨ ਤੋਂ ਪਹਿਲਾਂ ਜ਼ੀਰੋ ਲਾਉਣ ਦੇ ਹੁਕਮ ਦਿੱਤੇ ਸਨ। ਹੁਣ ਬਿਨਾਂ ਜ਼ੀਰੋ ਮੋਬਾਇਲ 'ਤੇ ਕਾਲ ਕਨੈਕਟ ਕਰਨ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਉੱਥੇ ਹੀ ਦੂਰਸੰਚਾਰ ਵਿਭਾਗ ਦਾ ਫੈਸਲਾ ਗਾਹਕਾਂ ਤਕ ਵੀ ਪਹੁੰਚਾਇਆ ਜਾ ਰਿਹਾ ਹੈ। ਦੂਰਸੰਚਾਰ ਕੰਪਨੀਆਂ ਨੇ ਆਪਣੇ ਲੈਂਡਲਾਈਨ ਉਪਭੋਗਤਾਵਾਂ ਨੂੰ ਹਾਲ ਹੀ 'ਚ ਜਾਣਕਾਰੀ ਦਿੱਤੀ ਸੀ ਕਿ 15 ਜਨਵਰੀ, 2021 ਤੋਂ ਦੂਰਸੰਚਾਰ ਵਿਭਾਗ ਦੇ ਹੁਕਮਾਂ ਦੇ ਤਹਿਤ ਲੈਂਡਲਾਈਨ ਤੋਂ ਕਿਸੇ ਮੋਬਾਇਲ 'ਤੇ ਫੋਨ ਕਰਦੇ ਸਮੇਂ ਨੰਬਰ ਤੋਂ ਪਹਿਲਾਂ ਜ਼ੀਰੋ ਲਾਉਣਾ ਹੋਵੇਗਾ। ਜ਼ੀਰੋ ਲਾਉਣ ਤੋਂ ਬਾਅਦ ਹੀ ਲੈਂਡਲਾਈਨ ਤੋਂ ਮੋਬਾਈਲ 'ਤੇ ਕਾਲ ਕਨੈਕਟ ਹੋ ਸਕੇਗਾ।


ਇਸ ਲਈ ਹੋਇਆ ਬਦਲਾਅ


ਦਰਅਸਲ, ਫਿਕਸਡ ਲਾਈਨ 'ਤੇ ਮੋਬਾਇਲ ਲਈ ਭਵਿੱਖ 'ਚ ਹੋਰ ਜ਼ਿਆਦਾ ਨੰਬਰ ਵੰਡੇ ਜਾਣ ਦੀ ਵਿਵਸਥਾ ਯਕੀਨੀ ਬਣਾਉਣ ਲਈ TRAI ਦੀਆਂ ਸਿਫਾਰਸ਼ਾਂ ਨੂੰ ਦੂਰਸੰਚਾਰ ਵਿਭਾਗ ਨੇ ਮਨਜੂਰ ਕੀਤਾ ਹੈ। ਇਸ ਦੇ ਚੱਲਦਿਆਂ ਇਹ ਨਵੀਂ ਵਿਵਸਥਾ ਹੋ ਰਹੀ ਹੈ। ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਜਾਰੀ ਸੂਚਨਾ ਮੁਤਾਬਕ ਸਾਰੇ ਫਿਕਸਡ ਲਾਈਨ ਤੋਂ ਮੋਬਾਈਲ 'ਤੇ ਫੋਨ ਕਰਨ ਲਈ 15 ਜਨਵਰੀ 2021 ਤੋਂ ਨੰਬਰ ਤੋਂ ਪਹਿਲਾਂ ਜ਼ੀਰੋ ਲਾਉਣਾ ਜ਼ਰੂਰੀ ਹੋਵੇਗਾ।


ਉੱਥੇ ਹੀ ਪਿਛਲੇ ਸਾਲ ਨਵੰਬਰ ਮਹੀਨੇ ਚ ਦੂਰਸੰਚਾਰ ਵਿਭਾਗ ਨੇ ਕਿਹਾ ਸੀ ਕਿ ਲੈਂਡਲਾਈਨ ਗਾਹਕਾਂ ਨੂੰ 15 ਜਨਵਰੀ ਤੋਂ ਲੈਂਡਲਾਈਨ ਤੋਂ ਮੋਬਾਈਲ ਤੇ ਕਾਲ ਕਰਦੇ ਸਮੇਂ ਜ਼ੀਰੋ ਲਾਉਣਾ ਹੋਵੇਗਾ। ਵਿਭਾਗ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਭਵਿੱਖ 'ਚ ਨਵੇਂ ਨੰਬਰ ਦੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਵਿਭਾਗ ਦੇ ਮੁਤਾਬਕ ਇਸ ਨਾਲ ਕਰੀਬ 253.9 ਕਰੋੜ ਨਵੇਂ ਨੰਬਰ ਬਣਾਏ ਜਾ ਸਕਦੇ ਹਨ। ਹਾਲਾਂਕਿ ਲੈਂਡਲਾਈਨ ਤੋਂ ਲੈਂਡਲਾਈਨ, ਮੋਬਾਈਲ ਤੋਂ ਲੈਂਡਲਾਈਨ ਤੇ ਮੋਬਾਈਲ ਤੋਂ ਮੋਬਾਈਲ ਤੇ ਫੋਨ ਕਰਨ 'ਚ ਕੋਈ ਬਦਲਾਅ ਨਹੀਂ ਹੋਵੇਗਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ